ਝਬਾਲ, 19 ਫਰਵਰੀ (ਸੁਖਦੇਵ ਸਿੰਘ)-ਪਿੰਡ ਮੀਆਂਪੁਰ ਨੇੜਿਓਾ ਲੰਘਦੀ ਅੱਪਰਬਾਰੀ ਦੁਆਬ ਨਹਿਰ 'ਤੇ ਮੰਡੀਕਰਨ ਬੋਰਡ ਵਲੋਂ ਠੇਕੇਦਾਰ ਰਾਹੀਂ ਬਣਾਏ ਜਾ ਰਹੇ ਪੁਲ ਦੀ ਉਸਾਰੀ ਦਾ ਕੰਮ ਇਕ ਸਾਲ ਤੋਂ ਜੂੰ ਚਾਲੇ ਚੱਲਣ ਨਾਲ ਜਿੱਥੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਿੰਡ ਵਾਸੀਆਂ ਵਲੋਂ ਅਵਾਜਾਈ ਲਾਈ ਬਣਾਏ ਗਏ ਆਰਜ਼ੀ ਪੁਲ ਦੀ ਹਾਲਾਤ ਵੀ ਹੁਣ ਖ਼ਸਤਾ ਹੋ ਜਾਣ ਅਤੇ ਨਹਿਰ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ | ਆਰਜ਼ੀ ਪੁਲ ਦੀ ਹਾਲਤ ਵੀ ਖ਼ਸਤਾ ਹੋ ਜਾਣ ਕਰਕੇ ਰਾਹਗੀਰਾਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਸ ਪੁਲ ਨੂੰ ਪਾਰ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਅਪ੍ਰੈਲ 2025 ਵਿਚ ਠੇਕੇਦਾਰ ਵਲੋਂ ਪੁਰਾਣੇ ਪੁਲ ਨੂੰ ਢਾਹ ਕੇ ਨਵੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਇਕ ਸਾਲ ਬੀਤ ਜਾਣ ਬਾਅਦ ਵੀ ਪੁਲ ਦਾ ਕੰਮ ਨੇਪਰੇ ਨਹੀਂ ਚੜ੍ਹ ਸਕਿਆ | ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਮੁੰਡਾਪਿੰਡ, ਸਕੱਤਰ ਦਲਜੀਤ ਸਿੰਘ ਐਮਾ, ਮੈਨੇਜ਼ਰ ਧਰਵਿੰਦਰ ਸਿੰਘ ਮਾਣੋਚਾਲ੍ਹ, ਗਿਆਨੀ ਨਿਸ਼ਾਨ ਸਿੰਘ ਅਤੇ ਬਾਬਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲ ਦੀ ਉਸਾਰੀ ਦਾ ਕੰਮ ਲਟਕਣ ਅਤੇ ਆਰਜ਼ੀ ਪੁਲ ਦੀ ਹਾਲਤ ਖ਼ਸਤਾ ਹੋਣ ਕਰਕੇ ਸਕੂਲ ਜਾਣ ਵਾਲੇ ਬੱਚਿਆਂ, ਮੁਲਾਜ਼ਮਾਂ ਅਤੇ ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਰਾਹਗੀਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਢੁੱਕਵਾਂ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇੱਥੇ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਸੰਬੰਧਿਤ ਮਹਿਕਮਾ ਤੇ ਠੇਕੇਦਾਰ ਇਸ ਦੇ ਜਿੰਮੇਵਾਰ ਹੋਣਗੇ |