ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਲਗਪਗ 8 ਸਾਲ ਪਹਿਲਾਂ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਪਿੱਦੀ ਵਿਖੇ ਇਕ ਫ਼ੌਜੀ ਪਰਿਵਾਰ ਦੇ ਘਰ ਵਿਚ ਦਾਖ਼ਲ ਹੋ ਕੇ ਸਾਮਾਨ ਦੀ ਭੰਨ ਤੋੜ ਕਰਨ ਅਤੇ ਫ਼ੌਜੀ ਦੀ ਪਤਨੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਅਡੀਸ਼ਨਲ ਸੈਸ਼ਨ ਜੱਜ ਆਰ.ਐਸ. ਬਾਜਵਾ ਨੇ ਹਮਲਾ ਕਰਨ ਵਾਲੇ 4 ਵਿਅਕਤੀਆਂ ਨੂੰ 10-10 ਸਾਲ ਦੀ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਜਦਕਿ ਇਸ ਮਾਮਲੇ ਵਿਚ ਨਾਮਜ਼ਦ ਹੋਰ ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋ ਵਿਅਕਤੀ ਪੀ.ਓ. ਕਰਾਰ ਦਿੱਤੇ ਗਏ ਹਨ | ਸਜ਼ਾ ਸੁਣਾਏ ਜਾਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ | ਜਾਣਕਾਰੀ ਦਿੰਦਿਆਂ ਸੀਨੀਅਰ ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੱਦੀ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਉਸ ਦਾ ਪਤੀ ਜਸਵੰਤ ਸਿੰਘ ਫ਼ੌਜ ਵਿਚ ਨੌਕਰੀ ਕਰਦਾ ਹੈ ਅਤੇ ਉਹ ਛੁੱਟੀ 'ਤੇ ਘਰ ਆਇਆ ਹੋਇਆ ਸੀ | 14 ਅਪ੍ਰੈਲ 2018 ਨੂੰ ਸਵੇਰੇ 9 ਵਜੇ ਦੇ ਕਰੀਬ ਉਹ ਘਰ ਵਿਚ ਰੋਟੀ ਪਾਣੀ ਖਾ ਰਹੇ ਸੀ ਕਿ ਰਾਜਾ ਪੁੱਤਰ ਸਤਨਾਮ ਸਿੰਘ, ਦੀਪੂ ਪੁੱਤਰ ਮਲਕੀਤ ਸਿੰਘ, ਸਾਹਿਬ ਸਿੰਘ ਪੁੱਤਰ ਸਰਵਣ ਸਿੰਘ, ਕਸ਼ਮੀਰ ਕੌਰ ਉਰਫ਼ ਭੋਲੀ ਵਿਧਵਾ ਸਤਨਾਮ ਸਿੰਘ ਅਤੇ ਭੋਲੀ ਦਾ ਜਵਾਈ ਵਾਸੀ ਰੈਸ਼ੀਆਣਾ ਉਨ੍ਹਾਂ ਦੇ ਘਰ ਦੇ ਬਾਹਰ ਰੌਲਾ ਪਾ ਰਹੇ ਸਨ | ਉਸ ਦਾ ਪਤੀ ਫ਼ੌਜੀ ਜਸਵੰਤ ਸਿੰਘ ਅਤੇ ਦਿਓਰ ਫ਼ੌਜੀ ਪਰਮਜੀਤ ਸਿੰਘ ਵੀ ਬੂਹਾ ਖੋਲ੍ਹ ਕੇ ਬਾਹਰ ਆ ਗਏ ਅਤੇ ਇੱਟਾਂ ਰੋੜੇ ਚੱਲਣ ਲੱਗ ਪਏ | ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਣ 'ਤੇ ਪੁਲਿਸ ਮੌਕੇ 'ਤੇ ਆ ਗਈ ਅਤੇ ਸਾਰੇ ਮੌਕੇ ਤੋਂ ਚਲੇ ਗਏ | ਕਰੀਬ ਰਾਤ 11 ਵਜੇ ਉਸੇ ਦਿਨ ਮੰਗਲ ਸਿੰਘ ਉਰਫ਼ ਰਾਜਾ ਪੁੱਤਰ ਸਤਨਾਮ ਸਿੰਘ, ਸਮਸ਼ੇਰ ਸਿੰਘ ਪੁੱਤਰ ਸੰਤੋਖ ਸਿੰਘ, ਸਤਨਾਮ ਸਿੰਘ ਉਰਫ਼ ਦੀਪੂ ਪੁੱਤਰ ਮਲਕੀਤ ਸਿੰਘ, ਸਾਹਿਬ ਸਿੰਘ ਪੁੱਤਰ ਸਵਰਨ ਸਿੰਘ, ਕਸ਼ਮੀਰ ਕੌਰ ਉਰਫ਼ ਭੋਲੀ ਪਤਨੀ ਸਤਨਾਮ ਸਿੰਘ, ਚੰਦ ਸਿੰਘ ਪੁੱਤਰ ਬੱਗਾ ਸਿੰਘ, ਮਿੱਠੂ ਪੁੱਤਰ ਮਲਕੀਤ ਸਿੰਘ ਅਤੇ ਭੋਲੀ ਦਾ ਜਵਾਈ ਵੀ ਹਥਿਆਰਾਂ ਨਾਲ ਆ ਗਏ ਅਤੇ ਉਸ ਦੇ ਫ਼ੌਜੀ ਪਤੀ ਦਾ ਨਾਂਅ ਲੈ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਉਕਤ ਵਿਅਕਤੀਆਂ ਵਿਚੋਂ ਰਾਜੇ ਨੇ ਕ੍ਰਿਪਾਨ ਨਾਲ ਉਸ 'ਤੇ ਹਮਲਾ ਕੀਤਾ, ਜੋ ਉਸ ਦੀ ਸੱਜੀ ਬਾਂਹ 'ਤੇ ਲੱਗਾ ਅਤੇ ਬਾਅਦ ਵਿਚ ਉਸ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਲਿਆ | ਉਸ ਵਲੋਂ ਰੌਲਾ ਪਾਉਣ 'ਤੇ ਉਸ ਦੀ ਭਰਜਾਈ ਬਲਜਿੰਦਰ ਕੌਰ, ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਸੀ, ਦੇ ਨਾਲ ਤਿੰਨ ਹੋਰ ਔਰਤਾਂ ਭੱਜੀਆਂ ਆਈਆਂ ਅਤੇ ਉਕਤ ਵਿਅਕਤੀ ਇਨ੍ਹਾਂ ਨੂੰ ਦੇਖ ਕੇ ਭੱਜ ਗਏ | ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਹਰਪ੍ਰੀਤ ਕੌਰ ਦੇ ਬਿਆਨਾਂ ਅਨੁਸਾਰ ਉਹ ਹਸਪਤਾਲ ਵਿਚ ਦਾਖ਼ਲ ਸੀ ਤਾਂ ਪਿੱਛੋਂ 16 ਅਪ੍ਰੈਲ ਨੂੰ ਉਕਤ ਵਿਅਕਤੀਆਂ ਨੇ 15-16 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ ਅਤੇ ਘਰ ਵਿਚ ਲੱਗੀ ਕਾਰ, ਫਰਨੀਚਰ, ਅਲਮਾਰੀ, ਪੱਖਾ, ਕੂਲਰ ਅਤੇ ਹੋਰ ਸਾਮਾਨ ਦੀ ਭੰਨ ਤੋੜ ਕਰ ਦਿੱਤੀ | ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਵਲੋਂ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਐਡਵੋਕੇਟ ਨਵਜੋਤ ਕੌਰ ਚੱਬਾ ਨੇ ਕਿਹਾ ਕਿ ਇਹ ਮਾਮਲਾ ਦੇਸ਼ ਦੀ ਰਖਵਾਲੀ ਕਰਨ ਵਾਲੇ ਫ਼ੌਜੀ ਪਰਿਵਾਰ ਉਪਰ ਹਮਲਾ ਕਰਨ ਦਾ ਸੀ | ਇਸ ਕਰਕੇ ਉਨ੍ਹਾਂ ਨੇ ਇਸ ਕੇਸ ਦੀ ਕੋਈ ਫ਼ੀਸ ਨਹੀਂ ਲਈ ਅਤੇ ਬਿਨਾਂ ਫੀਸ ਕੇਸ ਦੀ ਪੈਰਵਾਈ ਕੀਤੀ | ਉਨ੍ਹਾਂ ਅਦਾਲਤ ਵਿਚ ਵੀ ਦਲੀਲ ਦਿੱਤੀ ਕਿ ਫ਼ੌਜ ਦੇ ਜਵਾਨ ਬਰਫ਼ਾਂ ਵਿਚ ਸਰਹੱਦਾਂ 'ਤੇ ਖੜ ਕੇ ਸਾਡੇ ਘਰਾਂ ਦੀ ਰਾਖੀ ਕਰਦੇ ਹਨ, ਪਰ ਇਥੇ ਫ਼ੌਜੀ ਪਰਿਵਾਰ ਦੀ ਘਰ ਹੀ ਸੁਰੱਖਿਅਤ ਨਹੀਂ ਹਨ | ਹਮਲਾਵਰਾਂ ਵਲੋਂ ਫ਼ੌਜੀ ਪਰਿਵਾਰ ਦੀ ਕਾਰ ਨੂੰ ਪੂਰੀ ਤਰ੍ਹਾਂ ਭੰਨ ਦਿੱਤਾ ਗਿਆ | ਫ਼ਰਨੀਚਰ ਤੋੜਿਆ ਗਿਆ ਅਤੇ ਘਰ ਵਿਚੋਂ ਸੋਨੇ ਦੇ ਗਹਿਣੇ ਵੀ ਨਹੀਂ ਲੱਭੇ | ਜਿਸ ਸੰਬੰਧੀ ਸਾਰੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ | ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਡੀਸ਼ਨਲ ਸੈਸ਼ਨ ਜੱਜ ਆਰ.ਐਸ. ਬਾਜਵਾ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਚਾਰ ਵਿਅਕਤੀਆਂ ਮੰਗਲ ਸਿੰਘ ਉਰਫ਼ ਰਾਜਾ ਪੁੱਤਰ ਸਤਨਾਮ ਸਿੰਘ, ਸਮਸ਼ੇਰ ਸਿੰਘ ਪੁੱਤਰ ਸੰਤੋਖ ਸਿੰਘ, ਸਾਹਿਬ ਸਿੰਘ ਪੁੱਤਰ ਸਰਵਣ ਸਿੰਘ, ਕਸ਼ਮੀਰ ਕੌਰ ਉਰਫ਼ ਭੋਲੀ ਨੂੰ 10-10 ਸਾਲ ਦੀ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਜਦਕਿ ਬਾਕੀਆਂ ਵਿਚੋਂ ਚੰਦ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੋ ਪੀ.ਓ. ਕਰਾਰ ਦਿੱਤੇ ਗਏ ਹਨ | ਇਸ ਸੰਬੰਧੀ ਸਾਬਕਾ ਫ਼ੌਜੀ ਮੁਖਤਿਆਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਘਰ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਅਦਾਲਤ ਵਲੋਂ ਦਿੱਤੇ ਗਏ ਫ਼ੈਸਲੇ ਦੀ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ |