ਪੱਟੀ, 20 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਸਥਿਤ ਆਪਣੇ ਕੈਂਪ ਦਫ਼ਤਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ | ਇਸ ਦਾ ਉਦੇਸ਼ ਪੱਟੀ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦੇ ਮੁੱਦਿਆਂ ਦਾ ਨਿਪਟਾਰਾ ਕਰਨਾ ਸੀ | ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਆਏ ਲੋਕਾਂ ਨੇ ਕੈਬਨਿਟ ਮੰਤਰੀ ਨਾਲ ਸਿੱਧੀ ਮੁਲਾਕਾਤ ਕਰਕੇ ਸਿਹਤ ਸੇਵਾਵਾਂ, ਹੜ੍ਹ ਪ੍ਰਭਾਵਿਤ ਇਲਾਕਿਆਂ, ਡਰੇਨੇਜ, ਸਟ੍ਰੀਟ ਲਾਈਟਾਂ, ਪਾਣੀ ਸਪਲਾਈ, ਬਿਜਲੀ ਸਪਲਾਈ, ਸੜਕਾਂ, ਰੈਵੀਨਿਊ ਮਾਮਲਿਆਂ, ਸਮਾਜਿਕ ਭਲਾਈ ਸਕੀਮਾਂ ਅਤੇ ਹੋਰ ਨਾਗਰਿਕ ਮੁੱਦਿਆਂ ਸੰਬੰਧੀ ਆਪਣੀਆਂ ਸਮੱਸਿਆਵਾਂ ਰੱਖੀਆਂ | ਕੈਬਨਿਟ ਮੰਤਰੀ ਨੇ ਧਿਆਨ ਨਾਲ ਹਰ ਸ਼ਿਕਾਇਤ ਸੁਣੀ ਅਤੇ ਸੰਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਸਮੇਂ-ਬੱਧ ਨਿਪਟਾਰੇ ਲਈ ਮੌਕੇ 'ਤੇ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਨਿਰੰਤਰ ਜਨ ਸੰਪਰਕ ਪ੍ਰੋਗਰਾਮ ਕਰ ਰਹੇ ਹਨ, ਜਿਸ ਨੂੰ ਲੋਕਾਂ ਵਲੋਂ ਬੇਹੱਦ ਚੰਗਾ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦੂਰਦਰਸ਼ੀ ਸੋਚ ਅਧੀਨ 'ਸਰਕਾਰ ਤੁਹਾਡੇ ਦੁਆਰ' ਵਰਗੀਆਂ ਕਈ ਲੋਕ-ਹਿਤੈਸ਼ੀ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ | ਇਨ੍ਹਾਂ ਪਹਿਲ ਕਦਮੀਆਂ ਰਾਹੀਂ ਉਹ ਖੁਦ ਹਲਕੇ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ, ਤਾਂ ਜੋ ਵਸਨੀਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਕਾਤਾਂ ਨਾਲ ਸਰਕਾਰ ਨੂੰ ਜ਼ਮੀਨੀ ਪੱਧਰ ਦੇ ਮੁੱਦਿਆਂ ਦੀ ਸਮਝ ਬਣੀ ਹੈ ਅਤੇ ਵਿਕਾਸ ਲਈ ਤਰਜੀਹਾਂ ਨਿਰਧਾਰਤ ਕਰਨ ਵਿਚ ਮਦਦ ਮਿਲੀ ਹੈ | ਇਸ ਦੇ ਨਾਲ ਹੀ ਕਈ ਵਾਰ ਲੋਕਾਂ ਦੇ ਨਿੱਜੀ ਝਗੜੇ ਸੁਲਝਾਉਣ ਦਾ ਸਬੱਬ ਵੀ ਇਹ ਲੋਕ ਮਿਲਣੀ ਬਣ ਰਹੀ ਹੈ | ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਲੋਕ ਮਿਲਣੀ ਦੇ ਇਹ ਪ੍ਰੋਗਰਾਮ ਖ਼ਾਸ ਕਰਕੇ ਮਜ਼ਦੂਰ ਵਰਗ, ਵੱਡੀ ਉਮਰ ਦੇ ਨਾਗਰਿਕਾਂ ਲਈ ਬਹੁਤ ਲਾਭਕਾਰੀ ਹਨ, ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ |