21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਈ. ਐੱਸ. ਆਈ. ਹਸਪਤਾਲ ਦੇ ਡਾਕਟਰਾਂ ਤੇ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ’ਚ ਦਾਖ਼ਲ ਵਿਧਾਇਕ ਕੁੰਵਰ ਨੇ ਕੀਤੀ ਧਰਨੇ ’ਚ ਸ਼ਮੂਲੀਅਤ

ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ’ਤੇ ਸਥਿਤ ਈ. ਐੱਸ.

ਅਜੀਤ ਡੈਸਕ 21-08-2026
ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ’ਤੇ ਸਥਿਤ ਈ. ਐੱਸ. ਆਈ. ਹਸਪਤਾਲ ਦੇ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਡਾਕਟਰਾਂ ਤੇ ਪੈਰਾ-ਮੈਡੀਕਲ ਕਰਮਚਾਰੀਆਂ ਵਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਮੁਲਾਜ਼ਮਾਂ ਨੇ ਸਿਹਤ ਸੇਵਾਵਾਂ ਦਾ ਬਾਈਕਾਟ ਕਰਦਿਆਂ ਹਸਪਤਾਲ ਵਿਚ ਸਿਹਤ ਅਧਿਕਾਰੀਆਂ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਧਰਨੇ ‘ਚ ਅੱਜ ਉਚੇਚੇ ਤੌਰ ’ਤੇ ਆਪ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ ਤੇ ਮੁਲਾਜ਼ਮਾਂ ਨੂੰ ਜਲਦ ਤਨਖਾਹਾਂ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ। ਧਰਨੇ ਦੌਰਾਨ ਤਾਲਮੇਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੀ ਪੀੜਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਹਰ ਰੋਜ਼ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਮਰੀਜ਼ਾਂ ਦੀ ਸੇਵਾ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਹੀ ਸਮੇਂ ਸਿਰ ਤਨਖ਼ਾਹ ਨਾ ਮਿਲੇ ਤਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਤਨਖ਼ਾਹ ਉਨ੍ਹਾਂ ਦਾ ਹੱਕ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਸ ਦੇ ਬਾਵਜੂਦ ਦੋ ਮਹੀਨਿਆਂ ਤੋਂ ਤਨਖ਼ਾਹਾਂ ਰੁਕੀਆਂ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਨਰਸਿੰਗ ਐਸੋਸੀਏਸ਼ਨ ਵਲੋਂ ਰਾਜ ਬੇਦੀ ਚੇਅਰਮੈਨ, ਅਵਿਨਾਸ਼ ਸਰੀਨ, ਸੁਖਵਿੰਦਰ ਕੌਰ ਸੋਹੀ, ਮਨਿੰਦਰ ਕੌਰ, ਸਿਮਰਨਜੀਤ ਕੌਰ ਅਤੇ ਰੁਪਿੰਦਰ ਕੌਰ ਅਤੇ ਗੌਰਮੈਂਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਮੰਗਲ ਸਿੰਘ ਟਾਂਡਾ, ਵੈਟਰਨਰੀ ਐਸੋਸੀਏਸ਼ਨ ਦੇ ਬਲਕਾਰ ਨਈਅਰ ਨੇ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਡਾਕਟਰਾਂ ਦੀ ਤਰਫੋਂ ਡਾ. ਮੀਨਾਕਸ਼ੀ, ਡਾ. ਗੁਨੀਤ, ਡਾ. ਸਾਨੀਆ, ਡਾ. ਅਕਾਲਪ੍ਰੀਤ ਤੇ ਡਾ. ਨੀਨਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਹਸਪਤਾਲ ਐੱਮ.ਐੱਲ.ਟੀ. ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮਜੀਠਾ, ਸੁਖਜਿੰਦਰ ਸਿੰਘ ਵੇਰਕਾ, ਅਮਨਦੀਪ ਕੌਰ, ਰਿਚਾ ਸ਼ਰਮਾ ਅਤੇ ਸਤਬੀਰ ਸਿੰਘ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਮਿਲਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਮੀਨੂ ਬਾਲਾ, ਦੀਪਕ ਕੁਮਾਰ ਤੇ ਐਕਸ-ਰੇ ਵਿਭਾਗ ਤੋਂ ਪਰਮਜੀਤ ਸਿੰਘ ਭਾਲੋਵਾਲੀ, ਜਗਰੂਪ ਸਿੰਘ ਜਦਕਿ ਓ.ਟੀ. ਵਿਭਾਗ ਤੋਂ ਨੀਲਮ, ਅਖਿਲ ਅਤੇ ਹਰਜਿੰਦਰ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਵਿਆਉਣਯੋਗ ਊਰਜਾ ਯੰਤਰਾਂ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ ਅਗਲੀ ਖ਼ਬਰ ਭਾਰਤੀਯ ਵਪਾਰ ਮੰਡਲ (ਰਜ਼ਿ.) ਨੇ ਭਾਜਪਾ ਆਗੂਆਂ ਦੇ ਸਨਮਾਨ ’ਚ ਕਰਵਾਇਆ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।