ਤ੍ਰੈ ਸ਼ਤਾਬਦੀ ਖ਼ਾਲਸਾ ਕਾਲਜ ਵਿਖੇ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ
ਵਿਦਿਆਰਥੀ ਸਖ਼ਤ ਮਿਹਨਤ ਨੂੰ ਬਣਾਉਣ ਆਪਣੀ ਜ਼ਿੰਦਗੀ ਦਾ ਮੰਤਰ-ਪ੍ਰਿੰ: ਡਾ. ਕੁਲਵਿੰਦਰ ਸਿੰਘ
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿੱਦਿਅਕ ਸੈਸ਼ਨ 2026-27 ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ‘ਚ ਨਵੇਂ ਸੈਸ਼ਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿੱਦਿਅਕ ਸੈਸ਼ਨ 2026-27 ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ‘ਚ ਨਵੇਂ ਸੈਸ਼ਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ ਅਤੇ ਗੁ: ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਸੰਗਤੀ ਰੂਪ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ ਉਪਰੰਤ ਵਿਦਿਆਰਥੀਆਂ ਦੇ ਜਥਿਆਂ ਵਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਪ੍ਰਿੰ: ਡਾ. ਕੁਲਵਿੰਦਰ ਸਿੰਘ ਨੇ ਨਵੇਂ ਵਿੱਦਿਅਕ ਵਰ੍ਹੇ ਵਿਚ ਦਾਖ਼ਲ ਹੋਏ ਸਮੂਹ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਨੂੰ ਆਪਣਾ ਜੀਵਨ ਮੰਤਰ ਬਣਾਉਣ ਅਤੇ ਜ਼ਿੰਦਗੀ ਵਿਚ ਉੱਚੀਆਂ ਮੰਜ਼ਿਲਾਂ ਹਾਸਿਲ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਕੰਪਲੈਕਸ ’ਚ ਅਨੁਸ਼ਾਸਨ ਬਣਾ ਕੇ ਰੱਖਣ ਦੀ ਵੀ ਤਾਕੀਦ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜਥੇ: ਮਗਵਿੰਦਰ ਸਿੰਘ ਖਾਪੜਖੇੜੀ ਨੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਗੁਰੂ ਸ਼ਬਦ ਨਾਲ ਜੁੜਨ ਦਾ ਹੋਕਾ ਦਿੱਤਾ। ਉਨ੍ਹਾਂ ਨੇ ਕਾਲਜ ਦੇ ਰਾਗੀ ਜਥਿਆਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ. ਗੁਰਹੰਸ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।