28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲੋਕ ਮਸਲੇ : ਰੁੱਖਾਂ ਨੂੰ ਲੱਗ ਰਹੀਆਂ ਬਿਮਾਰੀਆਂ ਨਾਲ ਹਜ਼ਾਰਾਂ ਦਰੱਖਤ ਹੋ ਰਹੇ ਪ੍ਰਭਾਵਿਤ

ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਸੁਰਿੰਦਰ ਕੋਛੜ)-ਵਾਤਾਵਰਨ ਨੂੰ ਸੰਤੁਲਿਤ ਰੱਖਣ ਅਤੇ ਮਨੁੱਖੀ ਜੀਵਨ ਲਈ ਆਕਸੀਜਨ ਦਾ ਮੁੱਖ ਸਰੋਤ ਮੰਨੇ ਜਾਂਦੇ ਵੱਖ-ਵੱਖ ਪ੍ਰਜਾਤੀਆਂ ਦੇ ਦਰਖਤ ਫੰਗਸ, ਦੀਮਕ, ਤਣਿਆਂ ‘ਚ ਸੜਨ, ਪੱਤਿਆਂ ‘ਤੇ ਕੀੜਿਆਂ ਦੇ ਹਮਲੇ ਅਤੇ ਹੋਰ ਰੋਗਾਂ ਕਾਰਨ ਕਮਜ਼ੋਰ ਹੋ ਰਹੇ ਹਨ। ਵੱਖ-ਵੱਖ ਬਿਮਾਰੀਆਂ ਦੀ ਚਪੇਟ ‘ਚ ਆ ਰਹੇ ਇਨ੍ਹਾਂ ਦਰਖਤਾਂ ਦੇ ਸੁੱਕਣ ਅਤੇ ਡਿੱਗਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ), ਗੋਲ ਬਾਗ, ਸਕੱਤਰੀ ਬਾਗ, ਵੱਖ-ਵੱਖ ਪਾਰਕਾਂ, ਧਾਰਮਿਕ ਅਸਥਾਨਾਂ ਅਤੇ ਸੜਕਾਂ ਦੇ ਕੰਢਿਆਂ ‘ਤੇ ਮੌਜੂਦ ਦਹਾਕਿਆਂ ਪੁਰਾਣੇ ਰੁੱਖਾਂ ‘ਚੋਂ ਬਹੁਤ ਸਾਰੇ ਰੋਗ ਗ੍ਰਸਤ ਹਨ ਅਤੇ ਕਈਆਂ ਨੂੰ ਪੂਰੀ ਤਰ੍ਹਾਂ ਨਾਲ ਸਿਉਂਕ ਅਤੇ ਹੋਰ ਕੀੜੇ ਖੋਖਲਾ ਕਰ ਚੁਕੇ ਹਨ। ਸਥਾਨਕ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦੀ ਅਣਗਹਿਲੀ ਕਾਰਨ ਇਨ੍ਹਾਂ ਛਾਂਦਾਰ ਰੁੱਖਾਂ ਦੀ ਲਗਾਤਾਰ ਬਰਬਾਦੀ ਹੋ ਰਹੀ ਹੈ।
ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਨਰੇਸ਼ ਜੌਹਰ ਦਾ ਕਹਿਣਾ ਹੈ ਕਿ ਸਮੇਂ ਸਿਰ ਰੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ‘ਚ ਵੱਡੀ ਗਿਣਤੀ ਵਿਚ ਰੁੱਖ ਪ੍ਰਭਾਵਿਤ ਹੋ ਰਹੇ ਹਨ। ਬਰਸਾਤ ਦੇ ਮੌਸਮ ‘ਚ ਫੰਗਸ ਅਤੇ ਹੋਰ ਸੰਕਰਮਣ ਤੇਜ਼ੀ ਨਾਲ ਫੈਲਦੇ ਹਨ, ਜਿਸ ਨਾਲ ਰੁੱਖਾਂ ਦੀਆਂ ਜੜ੍ਹਾਂ ਅਤੇ ਤਣੇ ਕਮਜ਼ੋਰ ਪੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰੁੱਖਾਂ ਦੀ ਨਿਯਮਿਤ ਜਾਂਚ, ਬਿਮਾਰ ਟਾਹਣੀਆਂ ਦੀ ਛਾਂਟੀ, ਜੈਵਿਕ ਦਵਾਈਆਂ ਦੀ ਵਰਤੋਂ ਅਤੇ ਲੋੜ ਅਨੁਸਾਰ ਇਲਾਜ ਕਰਕੇ ਕਈ ਰੁੱਖਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੁੱਖਾਂ ਦੇ ਆਲੇ-ਦੁਆਲੇ ਸੀਮੈਂਟ ਜਾਂ ਕਨਕਰੀਟ ਦਾ ਘੇਰਾ ਨਾ ਬਣਾਇਆ ਜਾਵੇ ਤਾਂ ਜੋ ਜੜ੍ਹਾਂ ਨੂੰ ਹਵਾ ਅਤੇ ਪਾਣੀ ਮਿਲਦਾ ਰਹੇ। ਉਨ੍ਹਾਂ ਨੇ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਮਾਰ ਰੁੱਖਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਮਾਹਿਰਾਂ ਦੀ ਟੀਮ ਬਣਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ‘ਚ ਕੋਈ ਰੁੱਖ ਸੁੱਕਦਾ ਜਾਂ ਬਿਮਾਰ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਸੰਬੰਧਿਤ ਵਿਭਾਗ ਨੂੰ ਦੇਣ।
ਸਮਾਜਿਕ ਕਾਰਕੁਨ ਅਤੇ ‘ਅੰਮ੍ਰਿਤਸਰ ਗਰੀਨ’ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਕਾਰੋਬਾਰੀ ਹਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਰੁੱਖਾਂ ਦੀ ਸੰਭਾਲ ਸਿਰਫ਼ ਵਾਤਾਵਰਨ ਦੀ ਰੱਖਿਆ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਨ ਦੇਣ ਲਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਛਾਂਦਾਰ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਅਤੇ ਬਿਮਾਰੀ ਕਾਰਨ ਡਿਗ ਰਹੇ ਰੁੱਖਾਂ ਦੇ ਮਾਮਲੇ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ, ਬਲਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਾਗ਼ਾਂ, ਸੜਕਾਂ, ਲੋਕਾਂ ਦੇ ਘਰਾਂ ਤੇ ਬਗ਼ੀਚਿਆਂ ‘ਚ ਲੱਗੇ ਸੈਂਕੜੇ ਵਰ੍ਹੇ ਪੁਰਾਣੇ ਰੁੱਖ ਸਿਉਂਕ ਜਾਂ ਕਿਸੇ ਵੱਖਰੀ ਤਰ੍ਹਾਂ ਦਾ ਕੀੜਾ ਲੱਗਣ ‘ਤੇ ਅਣਗਹਿਲੀ ਦੇ ਚੱਲਦਿਆਂ ਵੱਢ ਦਿੱਤੇ ਜਾਂਦੇ ਹਨ ਜਾਂ ਕੋਈ ਤਰੀਕਾ ਵਰਤ ਕੇ ਸਾੜ ਦਿੱਤੇ ਜਾਂਦੇ ਹਨ, ਜਦਕਿ ਅਜਿਹੇ ਰੁੱਖਾਂ ਨੂੰ ਨਾ ਸਿਰਫ਼ ਬਚਾਉਣ ਬਲਕਿ ਇਕ ਥਾਂ ਤੋਂ ਦੂਜੀ ਜਗ੍ਹਾ ਸੁਰੱਖਿਅਤ ਤਬਦੀਲ ਕਰਨ ਦੀ ਵੀ ਸੁਵਿਧਾ ਉਪਲਬਧ ਹੈ। ਜਿਸ ਦੇ ਚੱਲਦਿਆਂ ਰੁੱਖਾਂ ਨੂੰ ਖ਼ਤਮ ਕੀਤੇ ਜਾਣ ਤੋਂ ਬਚਾ ਕੇ ਨਵੀਂ ਜਗ੍ਹਾ ਲਗਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ‘ਕਲੱਬ ਅਸੈਂਬਲੀ’ ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਐਸ.ਆਈ.ਆਰ. ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।