22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਵਿਰਾਸਤੀ ਮਾਰਗ ਦਾ ਵੱਡਾ ਹਿੱਸਾ 'ਛੋਟੇ ਲਾਰੀ ਅੱਡੇ' 'ਚ ਤਬਦੀਲ <br/>

ਅਜੀਤ ਡੈਸਕ 21-04-2026
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਸਥਾਨਕ ਟਾਊਨ ਹਾਲ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਉਸਾਰੇ ਗਏ ਲਗਭਗ ਪੌਣਾ ਕਿੱਲੋਮੀਟਰ ਲੰਬੇ ਵਿਰਾਸਤੀ ਮਾਰਗ ਦਾ ਵੱਡਾ ਹਿੱਸਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੀ ਲਾਪਰਵਾਹੀ ਕਾਰਨ 'ਛੋਟੇ ਲਾਰੀ ਅੱਡੇ' (ਮਿੰਨੀ ਬੱਸ ਸਟੈਂਡ) 'ਚ ਤਬਦੀਲ ਹੋ ਚੁੱਕਿਆ ਹੈ | ਵਿਰਾਸਤੀ ਮਾਰਗ 'ਤੇ ਖੜ੍ਹੇ ਬੇਤਰਤੀਬ ਵਾਹਨ ਅਤੇ ਜਗ੍ਹਾ-ਜਗ੍ਹਾ ਖੜ੍ਹੀਆਂ ਖਾਣ-ਪੀਣ ਤੇ ਹੋਰ ਸਾਮਾਨ ਵਾਲੀਆਂ ਰੇਹੜੀਆਂ ਟਰੈਫ਼ਿਕ ਜਾਮ ਦਾ ਕਾਰਨ ਬਣ ਰਹੀਆਂ ਹਨ | ਉਕਤ ਹੈਰੀਟੇਜ ਸਟਰੀਟ ਨੂੰ ਮੁਫ਼ਤ 'ਚ ਪਾਰਕਿੰਗ ਵਜੋਂ ਵੀ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ | ਹਾਲਾਂਕਿ, ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਅੰਮਿ੍ਤਸਰ ਕਲਚਰਲ ਟੂਰਿਜ਼ਮ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ | ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਬਜ਼ੇ ਹਟਾਉਣ ਅਤੇ ਟਰੈਫ਼ਿਕ ਸੁਧਾਰ ਲਈ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਤਾਂ ਕਿ ਵਿਰਾਸਤੀ ਮਾਰਗ ਨੂੰ ਪੱਕੇ ਤੌਰ 'ਤੇ ਕਬਜ਼ਾਮੁਕਤ ਬਣਾਇਆ ਜਾ ਸਕੇ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਸਥਾਨਕ ਸ਼ਹਿਰੀਆਂ ਸਮੇਤ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਹੈਰੀਟੇਜ ਫਾਊਾਡੇਸ਼ਨ ਦੀ ਪ੍ਰਧਾਨ ਡਾ: ਸੁਰਿੰਦਰ ਕੌਰ ਕੰਵਲ ਨੇ ਕਿਹਾ ਕਿ ਵਿਰਾਸਤੀ ਮਾਰਗ ਵਿਖੇ ਘੁੰਮ ਫਿਰ ਕੇ ਖਾਣ-ਪੀਣ ਦੀਆਂ ਵਸਤਾਂ, ਖਿਡੌਣੇ ਅਤੇ ਹੋਰ ਸਾਮਾਨ ਵੇਚਣ ਵਾਲਿਆਂ ਦੀ ਲਗਾਤਾਰ ਬਣੀ ਰਹਿਣ ਵਾਲੀ ਭੀੜ ਦੇ ਇਲਾਵਾ ਦੋ ਪਹੀਆ ਤੇ ਚਾਰ ਪਹੀਆ ਵਾਹਨ, ਆਟੋ-ਰਿਕਸ਼ਾ, ਈ-ਰਿਕਸ਼ਾ, ਯਾਤਰੂ ਬੱਸਾਂ ਅਤੇ ਡਬਲ ਡੈਕਰ ਬੱਸਾਂ ਦੀ ਆਵਾਜਾਈ ਕਾਰਨ ਰੋਜ਼ਾਨਾ ਸਵੇਰ ਤੋਂ ਲੈ ਕੇ ਰਾਤ ਤਕ ਇੱਥੇ ਜਾਮ ਲੱਗਾ ਰਹਿੰਦਾ ਹੈ | ਇਸ ਤੋਂ ਇਲਾਵਾ ਵਿਰਾਸਤੀ ਮਾਰਗ 'ਤੇ ਵੱਡੀ ਗਿਣਤੀ 'ਚ ਮੌਜੂਦ ਭਿਖਾਰੀਆਂ ਵਲੋਂ ਵੀ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਡਾ: ਕੰਵਲ ਨੇ ਕਿਹਾ ਕਿ ਉਕਤ ਵਿਰਾਸਤੀ ਮਾਰਗ ਤੋਂ ਹੋ ਕੇ ਪੂਰੀ ਦੁਨੀਆਂ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਵਿਰਾਸਤੀ ਮਾਰਗ ਦੀ ਮੌਜੂਦਾ ਹਾਲਤ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾ ਰਹੀ ਹੈ |
ਉਕਤ ਤੋਂ ਇਲਾਵਾ ਰਸਤੇ 'ਚ ਸਾਫ਼ ਅਤੇ ਸ਼ੁੱਧ ਪਾਣੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਸੈਲਾਨੀਆਂ ਦੀ ਸਹੂਲਤ ਲਈ ਹਾਈਟੈੱਕ ਸਵੀਟ ਵਾਟਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਵਲੋਂ ਲਗਾਏ ਗਏ ਸ਼ੁੱਧ ਪੀਣ ਵਾਲੇ ਪਾਣੀ ਦੇ 'ਵਾਟਰ ਏ. ਟੀ. ਐੱਮ.' (ਸਾਫ਼ ਪਾਣੀ ਵਾਲੀਆਂ ਮਸ਼ੀਨਾਂ) ਅਤੇ ਪ੍ਰਸ਼ਾਸਨ ਵਲੋਂ ਬਣਾਏ ਦੋ ਪਿਆਓ ਵਰਤੋਂ 'ਚ ਨਾ ਆਉਣ ਕਰਕੇ ਨਕਾਰਾ ਹੋ ਚੁਕੇ ਹਨ | ਇਸੇ ਤਰ੍ਹਾਂ ਵਿਰਾਸਤੀ ਮਾਰਗ ਵਿਖੇ 'ਸੈਲਫ਼ੀ ਪੁਆਇੰਟ' ਬਣੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵਾਲੇ ਚੌਕ 'ਚ ਸਥਾਪਿਤ ਥੜ੍ਹੇ ਤੋਂ ਭਾਵੇਂ ਕਿ ਇਕ ਜਥੇਬੰਦੀ ਦੇ ਕਬਜ਼ੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪਰ ਇੱਥੇ ਆਸ-ਪਾਸ ਲੱਗੇ ਗੰਦਗੀ ਅਤੇ ਕਬਾੜ ਦੇ ਢੇਰ ਸੰਬੰਧਿਤ ਵਿਭਾਗ ਦੀ ਕਿਰਕਿਰੀ ਦਾ ਕਾਰਨ ਬਣ ਰਹੇ ਹਨ |

ਪਿਛਲੀ ਖ਼ਬਰ ਵਿਰਾਸਤੀ ਮਾਰਗ ਦਾ ਵੱਡਾ ਹਿੱਸਾ 'ਛੋਟੇ ਲਾਰੀ ਅੱਡੇ' 'ਚ ਤਬਦੀਲ <br/> ਅਗਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਗਿੱਲ, ਔਜਲਾ, ਡਿੰਪਾ, ਅਟਵਾਲ, ਭਲਾਈਪੁਰ, ਬ੍ਰਹਮਪੁਰਾ, ਰਵੀਕਰਨ ਕਾਹਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।