ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕਰਦਿਆਂ ਪਾਰਟੀ ਦੇ ਅੰਦਰੂਨੀ ਸਿਸਟਮ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ | ਪੱਤਰਕਾਰ ਮਿਲਣੀ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ 'ਆਪ' ਆਗੂ ਰਵਿੰਦਰ ਡਾਬਰ ਵਲੋਂ ਲਗਾਏ ਗਏ ਇਲਜ਼ਾਮਾਂ ਅਤੇ ਉਸ ਤੋਂ ਬਾਅਦ ਪਾਰਟੀ ਵਲੋਂ ਕੀਤੀ ਕਾਰਵਾਈ ਸਿਰਫ਼ ਇਕ ਛੋਟਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਅੱਜ ਦਾ ਨਹੀਂ, ਉਹ 2022 ਤੋਂ ਹੀ ਦੇਖ ਰਹੇ ਹਨ | ਉਨ੍ਹਾਂ ਮੁਤਾਬਕ ਇਹ ਸਾਰਾ ਮਾਮਲਾ ਕਿਸੇ ਇਕ ਸ਼ਹਿਰ ਤੱਕ ਸੀਮਿਤ ਨਹੀਂ, ਸਗੋਂ ਅੰਮਿ੍ਤਸਰ ਤੋਂ ਚੰਡੀਗੜ੍ਹ ਤੇ ਦਿੱਲੀ ਤੱਕ ਜੁੜਿਆ ਹੋਇਆ ਹੈ | ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਹਰ ਇਕ ਚੀਜ਼ ਦਾ ਹਿਸਾਬ ਮੌਜੂਦ ਹੈ ਅਤੇ ਸਮਾਂ ਆਉਣ 'ਤੇ ਸਭ ਕੁਝ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ | ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਪਾਰਟੀ ਵਲੋਂ 'ਸਵਰਾਜ' ਦੇ ਨਾਮ 'ਤੇ ਲੋਕਾਂ ਨੂੰ ਭਰਮਾਇਆ ਗਿਆ ਹੈ ਜਦਕਿ ਹਕੀਕਤ ਕੁਝ ਹੋਰ ਹੈ | ਉਨ੍ਹਾਂ ਨਗਰ ਨਿਗਮ ਦੀ ਕਾਰਗੁਜਾਰੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਕੌਂਸਲਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਕਈ ਵਿਕਾਸ ਕਾਰਜਾਂ 'ਚ ਕੁਆਲਿਟੀ ਦੀ ਘਾਟ ਹੈ | ਵਿਧਾਇਕ ਨੇ ਕਿਹਾ ਕਿ ਉਹ ਖੁਦ ਨਿਗਮ ਦੀ ਮੀਟਿੰਗ 'ਚ ਜਾ ਕੇ ਸਾਰੇ ਬਕਾਇਆ ਕੰਮ ਪਾਸ ਕਰਵਾ ਚੁਕੇ ਹਨ ਅਤੇ ਹਲਕੇ 'ਚ ਲਗਭਗ 90 ਫੀਸਦੀ ਕੰਮ ਪੂਰੇ ਹੋ ਚੁੱਕੇ ਹਨ |