ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰ ਕੋਛੜ)-ਸਹਕਾਰ ਰਾਹੀਂ ਰਾਸ਼ਟਰੀ ਉੱਨਤੀ ਪ੍ਰਤੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਬੀਤੇ ਦਿਨ ਸਹਕਾਰ ਭਾਰਤੀ ਪੰਜਾਬ ਰਾਜ ਦਫ਼ਤਰ (ਅੰਮਿ੍ਤਸਰ) ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਦੀਪ ਗੋਰਸੀ ਨੇ ਰਸਮੀ ਤੌਰ 'ਤੇ ਸਹਕਾਰ ਭਾਰਤੀ ਦੀ ਮੈਂਬਰਸ਼ਿਪ ਸਵੀਕਾਰ ਕੀਤੀ | ਰਾਜ ਦਫ਼ਤਰ ਵਿਖੇ ਸਨਮਾਨਜਨਕ ਸਮਾਰੋਹ ਦੌਰਾਨ ਮੈਂਬਰਸ਼ਿਪ ਪ੍ਰਕਿਰਿਆ ਡਾ. (ਪ੍ਰੋ.) ਸਤੀਸ਼ ਵਰਮਾ ਅਤੇ ਰਜਿੰਦਰ ਸਿੰਘ ਬਿਸ਼ਟ ਦੀ ਮੌਜੂਦਗੀ 'ਚ ਪੂਰੀ ਕੀਤੀ ਗਈ | ਇਸ ਇਕੱਠ ਮੌਕੇ ਸੰਗਠਨ ਦੇ ਵਿਸਥਾਰ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਵੀ ਡੂੰਘਾਈ ਨਾਲ ਚਰਚਾ ਕੀਤੀ ਗਈ | ਮੈਂਬਰਸ਼ਿਪ ਸਵੀਕਾਰ ਕਰਨ ਤੋਂ ਬਾਅਦ ਐਡਵੋਕੇਟ ਗੋਰਾਸੀ ਨੇ ਕਿਹਾ ਕਿ ਸਹਕਾਰ ਭਾਰਤੀ ਅਜਿਹੀ ਸੰਸਥਾ ਹੈ ਜਿਸ ਨੇ ਦੇਸ਼ ਭਰ ਦੇ ਸਾਰੇ 28 ਰਾਜਾਂ, 600 ਤੋਂ ਵੱਧ ਜ਼ਿਲਿ੍ਹਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਮਜ਼ਬੂਤ ਜੜ੍ਹਾਂ ਸਥਾਪਿਤ ਕੀਤੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਜਿਸ ਸਮਰਪਣ ਨਾਲ ਸੰਗਠਨ ਦੇਸ਼ ਭਰ 'ਚ ਸਹਿਕਾਰੀ ਸਭਾਵਾਂ ਰਾਹੀਂ ਸਵੈ-ਰੁਜ਼ਗਾਰ ਅਤੇ ਪੇਂਡੂ ਅਰਥਵਿਵਸਥਾ ਨੂੰ ਸਸ਼ਕਤ ਬਣਾ ਰਿਹਾ ਹੈ, ਉਹ ਪ੍ਰੇਰਨਾਦਾਇਕ ਹੈ | ਇਸ ਮੌਕੇ ਸੰਗਠਨ ਦੇ ਹੋਰ ਪ੍ਰਮੁੱਖ ਮੈਂਬਰ ਵੀ ਮੌਜੂਦ ਸਨ |