ਅੰਮਿ੍ਤਸਰ, 1 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ, ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2 ਫ਼ਰਵਰੀ ਨੂੰ 33 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਇਹ ਗ੍ਰਾਂਟ ਹਕੀਕਤ 'ਚ ਰਿਲੀਜ਼ ਨਹੀਂ ਕੀਤੀ ਗਈ | ਇਸ ਦੇ ਕਾਰਨ ਯੂਨੀਵਰਸਿਟੀ ਦੇ ਨਾਨ-ਟੀਚਿੰਗ, ਟੀਚਿੰਗ ਅਤੇ ਅਫ਼ਸਰ ਸਹਿਬਾਨ ਦੀਆਂ ਤਨਖਾਹਾਂ 'ਚ ਕਟੌਤੀ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਅਧਿਆਪਕ ਵਰਗ ਪਹਿਲਾਂ ਹੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾ ਰਹੇ ਹਨ | ਤਨਖਾਹਾਂ 'ਚ ਕਟੌਤੀ ਨਾ ਸਿਰਫ਼ ਉਨ੍ਹਾਂ ਦੀ ਰੋਜ਼ਮਰਾ ਜ਼ਿੰਦਗੀ 'ਤੇ ਪ੍ਰਭਾਵ ਪਾਂਉਂਦੀ ਹੈ, ਸਗੋਂ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਉਤੇ ਵੀ ਅਸਰਅੰਦਾਜ਼ ਹੋ ਸਕਦੀ ਹੈ, ਜੇ ਇਹ ਗ੍ਰਾਂਟ ਜਲਦ ਜਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਮਹੀਨਿਆਂ 'ਚ ਤਨਖਾਹਾਂ ਦੀ ਅਦਾਇਗੀ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਹਜ਼ਾਰਾਂ ਪਰਿਵਾਰ ਆਰਥਿਕ ਸੰਕਟ ਦਾ ਸਾਹਮਣਾ ਕਰਨਗੇ | ਉਨ੍ਹਾਂ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ 33 ਕਰੋੜ ਰੁਪਏ ਦੀ ਗ੍ਰਾਂਟ ਬਿਨਾਂ ਕਿਸੇ ਹੋਰ ਦੇਰੀ ਦੇ ਜਾਰੀ ਕੀਤੀ ਜਾਵੇ, ਤਾਂ ਜੋ ਯੂਨੀਵਰਸਿਟੀ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਹੱਕਾਂ ਦੀ ਰੱਖਿਆ ਹੋ ਸਕੇ ਅਤੇ ਸਿੱਖਿਆ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲਦੀ ਰਹੇ |