ਅੰਮਿ੍ਤਸਰ, 18 ਫਰਵਰੀ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮਿ੍ਤਸਰ ਵਿਖੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਪਲੇਠੀ ਮੀਟਿੰਗ ਕੋਰ ਕਮੇਟੀ ਮੈਂਬਰ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਹੇਠ ਸੁਰਜੀਤ ਸਿੰਘ ਭਲਵਾਨ (ਪ੍ਰਧਾਨ ਅੰਮਿ੍ਤਸਰ ਸ਼ਹਿਰੀ) ਦੇ ਗ੍ਰਹਿ ਵਿਖੇ ਕੀਤੀ | ਇਸ ਮੌਕੇ ਉੱਘੇ ਕਾਰੋਬਾਰੀ ਉਪਕਾਰ ਸਿੰਘ (ਪ੍ਰਭਾਤ ਆਟੋਜ਼), ਸੰਨ੍ਹੀ ਦਾਰਾ, ਹਰਪਾਲ ਸਿੰਘ ਆਹਲੂਵਾਲੀਆ ਵਲੋਂ ਕਾਨੂੰਨ ਵਿਵਸਥਾ, ਗੈਂਗਸਟਰਾਂ ਦੀਆਂ ਫਿਰੌਤੀਆਂ, ਵਿਗੜੇ ਪ੍ਰਬੰਧਕੀ ਢਾਂਚੇ ਕਾਰਨ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਇਸ 'ਤੇ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਕਿ ਪੰਜਾਬ 'ਚ ਸਾਲ 2027 ਵਿਚ ਸੂਬੇ ਦੇ ਵਪਾਰੀ ਅਤੇ ਉਦਯੋਗਪਤੀ, ਕਿਸਾਨ, ਕਿਰਤੀ ਇਕੱਠੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਠਿਤ ਕਰਨਗੇ | ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਇੰਸਪੈੱਕਟਰੀ ਰਾਜ ਖ਼ਤਮ ਕਰਕੇ ਯਕਮੁਸ਼ਤ ਟੈਕਸ ਪ੍ਰਣਾਲੀ ਨੂੰ ਲਾਗੂ ਕਰਕੇ ਅਤੇ ਸਿੰਗਲ ਵਿੰਡੋ ਸਿਸਟਮ ਰਾਹੀਂ ਪੰਜਾਬ ਸੂਬੇ ਨੂੰ ਪ੍ਰਗਤੀ ਦੀਆਂ ਲੀਹਾਂ 'ਤੇ ਲੈ ਕੇ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਹੁੰਦਿਆਂ ਸਾਰ ਹੀ ਪੰਜਾਬ 'ਚ ਅਮਨ ਕਾਨੂੰਨ ਦੀ ਬਹਾਲੀ ਉਨ੍ਹਾਂ ਦਾ ਪਹਿਲਾ ਕਾਰਜ ਹੋਵੇਗਾ | ਬੈਠਕ 'ਚ ਹਰਪ੍ਰੀਤ ਸਿੰਘ ਭਾਟੀਆ ਅਤੇ ਜੱਜਬੀਰ ਸਿੰਘ ਆਰਕੀਟੈਕਟ ਨੇ ਜੀ. ਐੱਸ. ਟੀ. ਰਿਫੰਡ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ | ਜਿਨ੍ਹਾਂ ਨੂੰ ਸ: ਬਾਦਲ ਨੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਜਤਿੰਦਰਪਾਲ ਸਿੰਘ, ਐਡਵੋਕੇਟ ਤੇਗ਼, ਡਾ: ਅਮਰਜੀਤ ਸਿੰਘ ਸਚਦੇਵਾ, ਜਗਜੀਤ ਸਿੰਘ ਜੱਗਾ, ਅਰੁਣ ਸਿੰਘ, ਅਵਤਾਰ ਸਿੰਘ ਕਨੇਡਾ, ਵਿਕੀ ਰਾਜਾਸਾਂਸੀ, ਬਲੈਂਕਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਮਹਿਰਾ ਅਤੇ ਹੋਰ ਵੀ ਵਪਾਰੀ ਅਤੇ ਉਦਯੋਗਪਤੀ ਹਾਜ਼ਰ ਸਨ | ਬੈਠਕ ਦੀ ਸਮਾਪਤੀ 'ਤੇ ਰਜਿੰਦਰ ਸਿੰਘ ਮਰਵਾਹਾ ਅਤੇ ਹਰਪਾਲ ਸਿੰਘ ਆਹਲੂਵਾਲੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਦੁਸ਼ਾਲਾ ਅਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ |