ਰਾਜਾਸਾਂਸੀ, 20 ਜਨਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੁਆਲਾਲੰਪਰ ਦੀ ਉਡਾਣ ਨੰਬਰ ਐੱਸ. ਐੱਲ.-214 ਰਾਹੀਂ ਥਾਈਲੈਂਡ ਤੋਂ ਅੰਮਿ੍ਤਸਰ ਪਹੁੰਚੀ ਇਕ ਲੜਕੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ | ਤਲਾਸ਼ੀ ਦੌਰਾਨ ਉਸ ਕੋਲੋਂ 1140 ਗ੍ਰਾਮ ਹਾਈਡ੍ਰੋਪੋਨਿਕਸ ਗਾਂਜਾ ਬਰਾਮਦ ਕੀਤਾ ਗਿਆ, ਜਿਸ ਦੇ 285 ਗ੍ਰਾਮ ਦੇ ਚਾਰ ਪੈਕਟ ਬਣਾਏ ਹੋਏ ਸਨ | ਗਿ੍ਫਤਾਰ ਕੀਤੀ ਗਈ ਯਾਤਰੀ ਲੜਕੀ ਦੀ ਪਹਿਚਾਣ ਆਰਤੀ ਕੌਰ ਪੁੱਤਰੀ ਰੇਸ਼ਮ ਸਿੰਘ ਵਾਸੀ ਕੀਰਤ ਨਗਰ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ | ਬਰਾਮਦ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ | ਇਹ ਕਾਰਵਾਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੀ ਸਾਂਝੀ ਟੀਮ ਵਲੋਂ ਕੀਤੀ ਗਈ ਹੈ | ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਸੂਚਨਾ ਮਿਲੀ ਸੀ ਕਿ ਅੰਮਿ੍ਤਸਰ ਹਵਾਈ ਅੱਡੇ ਰਾਹੀਂ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਲਿਆਂਦੀ ਜਾ ਸਕਦੀ ਹੈ | ਇਸ ਜਾਣਕਾਰੀ ਦੇ ਆਧਾਰ 'ਤੇ ਹਵਾਈ ਅੱਡੇ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ ਸੀ | ਦੱਸਿਆ ਜਾ ਰਿਹਾ ਹੈ ਕਿ ਇਸ ਦੀ ਨਿਗਰਾਨੀ ਅਤੇ ਇਸ ਦੇ ਸਾਮਾਨ ਦੇ ਜਾਂਚ ਪੜਤਾਲ ਲਈ ਪੂਰੀ ਜ਼ਿੰਮੇਵਾਰੀ ਕਸਟਮ ਨੂੰ ਸੌਂਪੀ ਗਈ ਸੀ | ਜਿਵੇਂ ਹੀ ਕੁਆਲਾਲੰਪਰ ਦੀ ਉਡਾਣ ਇੱਥੇ ਅੰਮਿ੍ਤਸਰ ਪਹੁੰਚੀ, ਇਮੀਗ੍ਰੇਸ਼ਨ ਕਲੀਅਰੈਂਸ ਦੌਰਾਨ ਉਕਤ ਲੜਕੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ | ਤਲਾਸ਼ੀ ਦੌਰਾਨ ਉਸ ਦੇ ਸਾਮਾਨ ਵਿਚੋਂ ਉਕਤ ਗਾਂਜਾ ਬਰਾਮਦ ਕੀਤਾ ਗਿਆ ਤੇ ਉਸਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ | ਲੜਕੀ ਤੋਂ ਇਸ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਕਿਸ ਦੇ ਇਸ਼ਾਰੇ 'ਤੇ ਨਸ਼ੀਲੇ ਪਦਾਰਥ ਲੈ ਕੇ ਆਈ ਸੀ ਅਤੇ ਇਸ ਪਿੱਛੇ ਕਿਹੜਾ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਹੈ | ਉਹ ਇਹ ਵੀ ਜਾਂਚ ਕਰ ਰਹੇ ਹਨ ਕਿ ਇਹ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ |