ਅੰਮਿ੍ਤਸਰ, 20 ਜਨਵਰੀ (ਰੇਸ਼ਮ ਸਿੰਘ)- ਥਾਣਾ ਸਦਰ ਅਧੀਨ ਪੈਂਦੇ ਖੇਤਰ ਪ੍ਰੇਮ ਨਗਰ ਇੰਦਰਾ ਕਾਲੋਨੀ ਦੇ ਤਿੰਨ ਨੌਜਵਾਨਾਂ ਨੂੰ ਅੱਜ ਪੁਲਿਸ ਵਲੋਂ ਸ਼ਮਸ਼ਾਨਘਾਟ ਤੋਂ ਚੁੱਕ ਲਿਆ ਗਿਆ ਤੇ ਜਿਨ੍ਹਾਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਸਵੇਰ ਤੋਂ ਚੁੱਕੇ ਨੌਜਵਾਨਾ ਨੂੰ ਪੁਲਿਸ ਵਲੋਂ ਦੇਰ ਸ਼ਾਮ ਤੱਕ ਥਾਣੇ 'ਚ ਬੰਦ ਕੀਤਾ ਤੇ ਉਨ੍ਹਾਂ ਨੂੰ ਮਿਲਾਉਣ ਤੋਂ ਵੀ ਇਨਕਾਰ ਕੀਤਾ ਗਿਆ ਹੈ | ਇਹ ਦੋਸ਼ ਅੱਜ ਇਥੇ ਥਾਣਾ ਸਦਰ ਦੇ ਬਾਹਰ ਪੁੱਜੇ ਪੀੜਤ ਨੌਜਵਾਨਾਂ ਦੇ ਵਾਰਿਸਾਂ ਤੇ ਮਾਪਿਆਂ ਨੇ ਲਾਏ | ਇਸ ਮੌਕੇ ਸ੍ਰੀਮਤੀ ਪਿੰਕੀ ਤੇ ਸ੍ਰੀਮਤੀ ਭੋਲੀ ਨੁੰਹ-ਸੱਸ ਨੇ ਦੱਸਿਆ ਕਿ ਉਸਦਾ ਪਤੀ ਰਾਕੇਸ਼ ਕੁਮਾਰ ਸੀ ਜੋ ਮਾੜੇ ਮੋਟੇ ਨਸ਼ੇ ਕਰਨ ਦਾ ਆਦਿ ਸੀ ਤੇ ਇਸੇ ਤਰ੍ਹਾਂ ਦੇਸ ਰਾਜ ਨੇ ਦੱਸਿਆ ਕਿ ਉਸਦਾ ਪੁੱਤਰ ਵਿੱਕੀ ਤੇ ਇਕ ਹੋਰ ਨੌਜਵਾਨ ਗੋਪੀ ਜੋ ਸਾਰੇ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਹਨ | ਅੱਜ ਸਵੇਰੇ 10 ਵਜੇ ਦੇ ਇਨ੍ਹਾਂ ਤਿੰਨਾਂ ਨੌਜਵਾਨਾ ਨੂੰ ਪੁਲਿਸ ਨੇ ਇਹ ਕਹਿ ਕੇ ਚੁੱਕ ਲਿਆ ਸੀ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ਼ ਲਈ ਭਰਤੀ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਕਾਰਡ ਬਣਵਾਏ ਜਾਣੇ ਸਨ ਉਹ ਇਸ ਬਾਰੇ ਪਤਾ ਕਰਨ ਲਈ ਸਵਾਮੀ ਵਿਵੇਕਾ ਨੰਦ ਨਸ਼ਾ ਛੁਡਾਊ ਕੇਂਦਰ ਤੇ ਗੁਰੂ ਨਾਨਕ ਦੇਵ ਹਸਪਾਤਲ ਵਿਖੇ ਵੀ ਗਏ ਸਨ ਪਰ ਕੁਝ ਵੀ ਪਤਾ ਨਹੀਂ ਚਲਿਆ | ਹੁਣ ਜਦੋਂ ਉਹ ਥਾਣੇ ਅੱਗੇ ਬੈਠੇ ਹਨ ਤਾਂ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ | ਦੂਜੇ ਪਾਸੇ ਇਸ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੇ ਨੌਜਵਾਨਾਂ ਬਾਬਤ ਪੁੱਛੇ ਜਾਣ 'ਤੇ ਉਨ੍ਹਾਂ ਆਪਣਾ ਫੋਨ ਨਹੀਂ ਚੁਕਿਆ |