13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ’ਚ ਗੁਰਭੇਜ ਸਿੰਘ ਟਿੱਬੀ ਨੇ ਦਿੱਤੇ ਅਹਿਮ ਸੁਝਾਅ

ਫ਼ਿਰੋਜ਼ਪੁਰ, 12 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ’ਚ ਓ. ਬੀ.

ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ’ਚ ਆਗੂਆਂ ਨਾਲ ਸ਼ਮੂਲੀਅਤ ਕਰਨ ਮੌਕੇ ਗੁਰਭੇਜ ਸਿੰਘ ਟਿੱਬੀ। ਅਜੀਤ ਤਸਵੀਰ 13-11-2026
ਫ਼ਿਰੋਜ਼ਪੁਰ, 12 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ’ਚ ਓ.ਬੀ.ਸੀ ਵਿਭਾਗ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਸਰਵਪੱਖੀ ਵਿਕਾਸ, ਕਿਸਾਨੀ, ਸਹਿਕਾਰਤਾ ਖੇਤਰ, ਓ.ਬੀ.ਸੀ ਵਰਗ ਦੇ ਸੰਵਿਧਾਨਕ ਹੱਕਾਂ, ਸਰਹੱਦੀ ਇਲਾਕਿਆਂ ਅਤੇ ਹਲਕਾ ਗੁਰੂਹਰਸਹਾਏ ਦੇ ਵਿਕਾਸ ਸਬੰਧੀ ਵਿਸਥਾਰਪੂਰਵਕ ਸੁਝਾਅ ਪੇਸ਼ ਕੀਤੇ। ਇਸ ਮੌਕੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਮੈਂਬਰ ਗੁਰਜੀਤ ਸਿੰਘ ਔਜਲਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਹਰਦਿਆਲ ਸਿੰਘ ਕੰਬੋਜ ਅਤੇ ਹੋਰ ਆਗੂਆਂ ਦੇ ਸਾਹਮਣੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਰੱਖੇ ਗਏ। ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਕਿਸਾਨੀ ਅਤੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਮੱਕੀ ਦੀ ਸਰਕਾਰੀ ਖਰੀਦ ’ਤੇ ਐੱਮ.ਐੱਸ.ਪੀ ਯਕੀਨੀ ਬਣਾਈ ਜਾਵੇ, ਦੁੱਧ ਉਤਪਾਦਕਾਂ ਲਈ ਦੁੱਧ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਵੇ, ਸ਼ੂਗਰਫੈੱਡ ਦਾ ਆਧੁਨਿਕੀਕਰਨ ਕੀਤਾ ਜਾਵੇ ਅਤੇ ਮਿਲਕਫੈੱਡ, ਮਾਰਕਫੈੱਡ ਅਤੇ ਪਨਸੀਡ ਨੂੰ ਵਿੱਤੀ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਕੀਤਾ ਜਾਵੇ। ਇਸ ਦੇ ਨਾਲ ਹਰ 10 ਪਿੰਡਾਂ ਦੇ ਕਲੱਸਟਰ ਵਿਚ ਸਹਿਕਾਰੀ ਗੋਦਾਮ, ਹਰ ਬਲਾਕ ਵਿਚ ਕੋਲਡ ਸਟੋਰੇਜ ਅਤੇ ਹਰ 10,000 ਦੀ ਆਬਾਦੀ ਪਿੱਛੇ ਸਹਿਕਾਰੀ ਸਟੋਰ ਖੋਲ੍ਹਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਮਾਰਕਫੈੱਡ ਅਤੇ ਮਿਲਕਫੈੱਡ ਦੇ ਸਾਂਝੇ ਉੱਦਮ ਰਾਹੀਂ ਜ਼ਰੂਰੀ ਵਸਤਾਂ ਸੇਵਾ ਕੇਂਦਰ ਖੋਲ੍ਹੇ ਜਾਣ, ਜਿਨ੍ਹਾਂ ਦਾ ਸੰਚਾਲਨ ਪਿੰਡ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਦਿੱਤਾ ਜਾਵੇ, ਤਾਂ ਜੋ ਪੇਂਡੂ ਖੇਤਰਾਂ ਵਿਚ ਸਹੂਲਤਾਂ ਦੇ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣ। ਕਿਸਾਨਾਂ ਲਈ ਸਸਤਾ ਕਰਜ਼ਾ, ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਅਤੇ ਪ੍ਰਤੀ ਏਕੜ 2,500 ਰੁਪਏ ਬੋਨਸ, ਤੁਪਕਾ ਸਿੰਚਾਈ ਲਈ 100 ਫ਼ੀਸਦੀ ਸਬਸਿਡੀ ਅਤੇ ਫ਼ਸਲ ਬੀਮਾ ਯੋਜਨਾ ਦੀ ਵੀ ਮੰਗ ਕੀਤੀ। ਓ.ਬੀ.ਸੀ ਵਰਗ ਦੇ ਹੱਕਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਦਾ 42 ਫ਼ੀਸਦੀ ਤੋਂ ਵੱਧ ਹਿੱਸਾ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹੈ, ਪਰ ਇਸ ਵਰਗ ਨੂੰ ਬਣਦੀ ਨੁਮਾਇੰਦਗੀ ਨਹੀਂ ਮਿਲ ਰਹੀ। ਪੰਜਾਬ ਵਿਚ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਸੰਸਥਾਵਾਂ ਵਿਚ ਰਾਖਵੇਂਕਰਨ ਦੀ ਸਮੀਖਿਆ ਕਰਕੇ ਇਸ ਨੂੰ 25 ਤੋਂ 27 ਫ਼ੀਸਦੀ ਤੱਕ ਵਧਾਉਣ, ਖਾਲੀ ਬੈਕਲਾਗ ਅਸਾਮੀਆਂ ਭਰਨ, ਓ.ਬੀ.ਸੀ ਵਿਦਿਆਰਥੀਆਂ ਲਈ ਵਜ਼ੀਫ਼ੇ ਅਤੇ ਹੋਸਟਲ, ਰਵਾਇਤੀ ਦਸਤਕਾਰਾਂ ਲਈ ਸਸਤੇ ਕਰਜ਼ੇ ਅਤੇ ਪੰਜਾਬ ਰਾਜ ਪੱਛੜਾ ਵਰਗ ਕਮਿਸ਼ਨ ਨੂੰ ਵਧੇਰੇ ਅਧਿਕਾਰ ਅਤੇ ਵੱਖਰਾ ਬਜਟ ਦੇਣ ਦੀ ਮੰਗ ਕੀਤੀ। ਸ. ਟਿੱਬੀ ਨੇ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਬਾਰਡਰ ਏਰੀਆ ਵਿਕਾਸ ਸੰਘਰਸ਼ ਕਮੇਟੀ ਦੇ ਸੁਝਾਵਾਂ ਅਨੁਸਾਰ ਵਿਸ਼ੇਸ਼ ਪੈਕੇਜ ਦੀ ਮੰਗ ਕਰਦਿਆਂ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ, ਅਬਾਦਕਾਰਾਂ ਨੂੰ ਮਾਲਕੀ ਹੱਕ, ਸਿੱਖਿਆ ਤੇ ਸਿਹਤ ਸਹੂਲਤਾਂ ਦਾ ਵਿਸਥਾਰ, ਸਰਹੱਦੀ ਨੌਜਵਾਨਾਂ ਲਈ ਰੁਜ਼ਗਾਰ ਦੇ ਵਿਸ਼ੇਸ਼ ਮੌਕੇ, ਕਰਜ਼ਾ ਰਾਹਤ, ਪੁਲਾਂ ਅਤੇ ਸੜਕਾਂ ਦਾ ਨਿਰਮਾਣ ਅਤੇ ਸੂਬਾ ਤੇ ਕੇਂਦਰ ਪੱਧਰ ’ਤੇ ਬਾਰਡਰ ਏਰੀਆ ਵਿਕਾਸ ਬੋਰਡ ਬਣਾਉਣ ਦਾ ਸੁਝਾਅ ਦਿੱਤਾ। ਇਸ ਮੌਕੇ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ, ਰੁਜ਼ਗਾਰ ਯੁਕਤ, ਕਿਸਾਨਾਂ ਅਤੇ ਮਜ਼ਦੂਰਾਂ ਲਈ ਖੁਸ਼ਹਾਲ ਅਤੇ ਹਰ ਵਰਗ ਨੂੰ ਬਰਾਬਰ ਦੇ ਸੰਵਿਧਾਨਕ ਹੱਕ ਦੇਣ ਵਾਲਾ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ।
ਪਿਛਲੀ ਖ਼ਬਰ ਕਾਂਗਰਸੀ ਆਗੂ ਰੋਹਿਤ ਵੋਹਰਾ ਮੌਂਟੂ ਨੇ ਕੌਂਸਲਰ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਦੂਨਵੈਲੀ ਸਕੂਲ ਦੀਆਂ ਪੰਜ ਖਿਡਾਰਨਾਂ ਦੀ ਰਾਜ ਪੱਧਰੀ ਵੇਟਲਿਫਟਿੰਗ ਟੂਰਨਾਮੈਂਟ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।