ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਠੱਪ, ਗਲੀਆਂ-ਮੁਹੱਲਿਆਂ ਅਤੇ ਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਅੰਬਾਰ
ਅਬੋਹਰ, 3 ਨਵੰਬਰ (ਵਿਵੇਕ ਹੂੜੀਆ) ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਜਿੱਥੇ ਸ਼ਹਿਰ ਵਾਸੀ ਆਪਣੇ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਾਫ਼-ਸਫ਼ਾਈ ਕਰਕੇ ਤਿਉਹਾਰ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ, ਉੱਥੇ ਹੀ ਅਬੋਹਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿਚ ਲੱਗੇ ਕੂੜੇ ਦੇ ਢੇਰ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਇਸ ਵਾਰ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਗੰਦਗੀ ਦੇ ਅੰਬਾਰਾਂ ਵਿਚਕਾਰ ਮਨਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਅ
ਅਬੋਹਰ ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹਦੇ ਹੋਏ। ਤਸਵੀਰ-ਵਿਵੇਕ ਹੂੜੀਆ
04-11-2026
ਅਬੋਹਰ, 3 ਨਵੰਬਰ (ਵਿਵੇਕ ਹੂੜੀਆ) ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਜਿੱਥੇ ਸ਼ਹਿਰ ਵਾਸੀ ਆਪਣੇ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਾਫ਼-ਸਫ਼ਾਈ ਕਰਕੇ ਤਿਉਹਾਰ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ, ਉੱਥੇ ਹੀ ਅਬੋਹਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿਚ ਲੱਗੇ ਕੂੜੇ ਦੇ ਢੇਰ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਇਸ ਵਾਰ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਗੰਦਗੀ ਦੇ ਅੰਬਾਰਾਂ ਵਿਚਕਾਰ ਮਨਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਸ਼ਹਿਰ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਹਫ਼ਤੇ ਪਹਿਲਾਂ ਵਾਲਮੀਕੀ ਸਮਾਜ ਨਾਲ ਸਬੰਧਿਤ ਅਜੈ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਵਲੋਂ ਸਿਵਲ ਹਸਪਤਾਲ ਦੀ ਮੁਰਦਾ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਸਮਰਥਨ ਦਿੰਦਿਆਂ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੇ ਵੀ ਕੰਮਕਾਜ ਠੱਪ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਲਗਭਗ ਹਰ ਗਲੀ-ਮੁਹੱਲੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਥਾਵਾਂ ’ਤੇ ਕੂੜਾ ਡੰਪਿੰਗ ਸਥਾਨਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੱਕ ਫੈਲ ਗਿਆ ਹੈ। ਕੂੜੇ ਦੇ ਆਲੇ-ਦੁਆਲੇ ਘੁੰਮਣ ਵਾਲੇ ਪਸ਼ੂ ਵੀ ਗੰਦਗੀ ਨੂੰ ਹੋਰ ਫੈਲਾ ਰਹੇ ਹਨ। ਕੂੜੇ ਵਿਚੋਂ ਉੱਠਣ ਵਾਲੀ ਬਦਬੂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦੇ ਨਾਲ ਹੀ ਗੰਦਗੀ ਵਿਚ ਮੱਛਰਾਂ ਅਤੇ ਮੱਖੀਆਂ ਦੇ ਪੈਦਾ ਹੋਣ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਵਧ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਟੈਕਸ ਤੋਂ ਇਲਾਵਾ ਕੂੜਾ ਚੁੱਕਣ ਦੇ ਚਾਰਜ ਸਮੇਤ ਵੱਖ-ਵੱਖ ਤਰ੍ਹਾਂ ਦੇ ਟੈਕਸ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਹਾਲਾਤ ਇਹ ਹਨ ਕਿ ਲੋਕ ਆਪਣੇ ਘਰਾਂ ਦਾ ਕੂੜਾ ਖ਼ੁਦ ਲਿਫ਼ਾਫ਼ਿਆਂ ਵਿਚ ਭਰ ਕੇ ਕੂੜਾ ਡੰਪਿੰਗ ਸਥਾਨਾਂ ਜਾਂ ਸ਼ਹਿਰ ਤੋਂ ਬਾਹਰ ਜਾਣ ਵਾਲੀਆਂ ਸੜਕਾਂ ਦੇ ਕਿਨਾਰਿਆਂ ’ਤੇ ਸੁੱਟਣ ਲਈ ਮਜਬੂਰ ਹਨ। ਇਸ ਕਾਰਨ ਮੁੱਖ ਸੜਕਾਂ ਅਤੇ ਲਿੰਕ ਮਾਰਗਾਂ ’ਤੇ ਵੀ ਗੰਦਗੀ ਦੇ ਢੇਰ ਦਿਖਾਈ ਦੇਣ ਲੱਗ ਪਏ ਹਨ। ਕਈ ਥਾਵਾਂ ’ਤੇ ਬਦਬੂ ਤੋਂ ਪ੍ਰੇਸ਼ਾਨ ਹੋ ਕੇ ਲੋਕ ਖ਼ੁਦ ਹੀ ਕੂੜੇ ਨੂੰ ਅੱਗ ਲਗਾ ਰਹੇ ਹਨ। ਇਸ ਨਾਲ ਉੱਠਣ ਵਾਲਾ ਧੂੰਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਲੋਕਾਂ ਦੀ ਸਿਹਤ ਲਈ ਵੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਦੀਵਾਲੀ ਵਰਗੇ ਵੱਡੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੀ ਅਜਿਹੀ ਸਥਿਤੀ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸ਼ਹਿਰ ਦੇ ਜਾਗਰੂਕ ਨਾਗਰਿਕਾਂ ਨੇ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜੈ ਕੁਮਾਰ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਦਾ ਢੁਕਵਾਂ ਹੱਲ ਕੱਢਿਆ ਜਾਵੇ ਅਤੇ ਸਫ਼ਾਈ ਸੇਵਕਾਂ ਨਾਲ ਗੱਲਬਾਤ ਕਰਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਜਲਦ ਬਹਾਲ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਿਮਾਰੀਆਂ ਦੇ ਖ਼ਤਰੇ ਵਿਚਕਾਰ ਤਿਉਹਾਰ ਮਨਾਉਣ ਲਈ ਮਜਬੂਰ ਨਾ ਹੋਣਾ ਪਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੀਵਾਲੀ ਤੋਂ ਪਹਿਲਾਂ ਇਸ ਸਮੱਸਿਆ ਦੇ ਹੱਲ ਲਈ ਕੀ ਕਦਮ ਚੁੱਕਦਾ ਹੈ।