30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਬੋਹਰ ਸ਼ਹਿਰ ਦੇ ਹਾਲਾਤ ਹੋਏ ਬਦ ਤੋਂ ਬਦਤਰ, ਲੋਕ ਗੰਦਲਾਂ ਪਾਣੀ ਪੀਣ ਨੂੰ ਮਜਬੂਰ

ਅਬੋਹਰ ਦੀ ਪੁਰਾਣੀ ਸੂਰਜ ਨਗਰੀ ਵਿਚ ਆ ਰਿਹਾ ਗੰਦਾ ਵਾਟਰ ਵਰਕਸ ਦਾ ਪਾਣੀ ਅਤੇ ਜਾਣਕਾਰੀ ਦਿੰਦੇ ਹੋਏ ਮਾਸਟਰ ਐਥਲੀਟ ਆਸ਼ਾ ਰਾਣੀ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 22-05-2026
ਅਬੋਹਰ, 21 ਮਈ (ਤੇਜਿੰਦਰ ਸਿੰਘ ਖ਼ਾਲਸਾ) ਨਗਰ ਨਿਗਮ ਚੋਣਾਂ ਦੇ ਮਾਹੌਲ ਵਿਚ ਜਿੱਥੇ ਕੌਂਸਲਰ ਪਦ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ, ਉੱਥੇ ਹੀ ਸ਼ਹਿਰ ਦੇ ਲੋਕ ਮੁੱਢਲੀਆਂ ਸੁਵਿਧਾਵਾਂ ਦੀ ਕਮੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਅਬੋਹਰ ਦੀ ਪੁਰਾਣੀ ਸੂਰਜ ਨਗਰੀ, ਗਲੀ ਨੰਬਰ 7 ਵਾਸੀ ਆਸ਼ਾ ਰਾਣੀ ਨੇ ਸ਼ਹਿਰ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਕੌਂਸਲਰ ਉਮੀਦਵਾਰਾਂ ਨੂੰ ਤਿੱਖੇ ਸਵਾਲ ਕੀਤੇ ਹਨ | ਆਸ਼ਾ ਰਾਣੀ ਨੇ ਕਿਹਾ ਕਿ ਅਬੋਹਰ ਦੇ ਹਾਲਾਤ ਦਿਨੋ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਸ਼ਹਿਰ ਦੀ ਲਗਭਗ ਹਰ ਦੂਜੀ ਗਲੀ ਵਿਚ ਸੀਵਰੇਜ ਦੀ ਸਮੱਸਿਆ ਨੇ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ | ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਨਾ ਸਿਰਫ਼ ਬਦਬੂ ਫੈਲ ਰਹੀ ਹੈ ਸਗੋਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ |ਇਸ ਤੋਂ ਇਲਾਵਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਥਾਂ-ਥਾਂ ਪਏ ਖੱਡੇ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ | ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਵਿਚ ਨਗਰ ਨਿਗਮ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਹੱਦ ਤਾਂ ਉਸ ਵੇਲੇ ਹੋ ਜਾਂਦੀ ਹੈ ਜਦ ਲੋਕਾਂ ਦੇ ਘਰਾਂ ਵਿਚ ਆਉਣ ਵਾਲੇ ਪੀਣ ਦੇ ਪਾਣੀ ਵਿਚ ਵੀ ਸੀਵਰੇਜ ਮਿਲਿਆ ਹੋਇਆ ਗੰਦਲਾਂ ਪਾਣੀ ਆਉਣ ਲੱਗ ਪੈਂਦਾ ਹੈ | ਸਥਾਨਕ ਪੁਰਾਣੀ ਸੂਰਜ ਨਗਰੀ ਵਾਸੀ ਆਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀਆਂ ਟੂਟੀਆਂ ਵਿਚ ਕਾਲਾ ਅਤੇ ਗੰਦਾ ਪਾਣੀ ਆ ਰਿਹਾ ਹੈ ਜੋ ਪੀਣ ਯੋਗ ਨਹੀਂ ਹੈ | ਇਸ ਕਾਰਨ ਪਰਿਵਾਰ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ | ਆਸ਼ਾ ਰਾਣੀ ਨੇ ਗ਼ੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਐਮ.ਸੀ ਉਮੀਦਵਾਰ ਅਤੇ ਨੇਤਾ ਘਰ-ਘਰ ਜਾ ਕੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੀ ਕੋਈ ਸਾਰ ਨਹੀਂ ਲੈਂਦੇ | ਉਨ੍ਹਾਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਉਹ ਕਾਹਦੇ ਨੇਤਾ ਹਨ ਜੋ ਅੱਜ ਤੱਕ ਸਾਨੂੰ ਸਾਫ਼ ਪੀਣ ਵਾਲਾ ਪਾਣੀ ਹੀ ਮੁਹੱਈਆ ਨਹੀਂ ਕਰਵਾ ਸਕੇ | ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ |
ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰ ਅਜੀਤ ਪਾਲ ਰਿੰਕੂ ਨੇ ਵਾਰਡ ਨੰਬਰ 13 ਵਿਚ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ ਅਗਲੀ ਖ਼ਬਰ ਬੰਬੇ ਇੰਸਟੀਚਿਊਟ ਦੀ ਵਿਦਿਆਰਥਣ ਰੌਸ਼ਨੀ ਬਣੀ ਵਕੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।