ਅਬੋਹਰ, 14 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੀ ਪੁਰਾਣੀ ਸੂਰਜ ਨਗਰੀ ਸਥਿਤ ਗੁਰਦੁਆਰਾ ਗੁਰੂ ਅੰਗਦ ਦੇਵ ਵਿਖੇ 18 ਅਪ੍ਰੈਲ ਨੂੰ ਦੂਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ 18 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ ਨੂੰ 6.30 ਤੋਂ ਲੈ ਕੇ ਰਾਤ ਦੇ 10.30 ਤੱਕ ਸੰਗਤ ਦੇ ਸਹਿਯੋਗ ਨਾਲ ਹੋਵੇਗਾ | ਜਿਸ ਤਹਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਇਸ ਉਪਰੰਤ ਭਾਈ ਕੁਲਵਿੰਦਰ ਸਿੰਘ ਦਾ ਜਥਾ ਇਲਾਕੇ ਦੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ | ਇਸ ਤੋਂ ਪਹਿਲਾਂ ਅਬੋਹਰ ਦੇ ਭਾਈ ਨਿਰਪਾਲ ਸਿੰਘ ਵੀ ਸੰਗਤਾਂ ਨਾਲ ਕੀਰਤਨ ਦੀ ਸਾਂਝ ਪਾਉਣਗੇ | ਸਮਾਪਤੀ 'ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |