ਅਬੋਹਰ, 14 ਅਪ੍ਰੈਲ (ਵਿਵੇਕ ਹੂੜੀਆ)-ਸੱਚਖੰਡ ਕਾਨਵੈਂਟ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਹਰਸ਼ੋ-ਉੱਲਾਸ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ ਨੂੰ ਰੰਗ-ਬਿਰੰਗੇ ਸਜਾਵਟੀ ਸਮਾਨ ਨਾਲ ਸਜਾਇਆ ਗਿਆ ਸੀ, ਜਿਸ ਨੇ ਪੂਰੇ ਮਾਹੌਲ ਨੂੰ ਖ਼ੁਸ਼ੀ ਦੇ ਰੰਗ ਵਿਚ ਰੰਗ ਦਿੱਤਾ | ਸਮਾਗਮ ਦੀ ਸ਼ੁਰੂਆਤ ਸਕੂਲ ਦੀ ਪ੍ਰਾਰਥਨਾ ਨਾਲ ਹੋਈ | ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਸਾਖੀ ਨਾਲ ਸਬੰਧਿਤ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੇ ਬੱਚਿਆਂ ਨੇ ਭੰਗੜਾ ਪਾ ਕੇ ਅਤੇ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਸਭ ਦਾ ਮਨ ਮੋਹ ਲਿਆ | ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੀ ਕਵਿਤਾਵਾਂ, ਗੀਤਾਂ ਅਤੇ ਨਾਚ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸਕੂਲ ਦੀ ਪਿ੍ੰਸੀਪਲ ਮਿਸ ਸ਼ਵੇਤਾ ਅਹੂਜਾ ਅਤੇ ਡਾਇਰੈਕਟਰ ਸ਼੍ਰੀ ਕੁਲਤਾਰ ਅਹੂਜਾ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ |