ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਾਜ਼ਿਲਕਾ ਵਲੋਂ ਸ਼ਹਿਰ ਅੰਦਰ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਰਵਾਨਾ ਹੋਇਆ | ਇਸ ਮੌਕੇ ਭਾਈ ਮੰਗਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ | ਇਸ ਮੌਕੇ ਸੰਗਤਾਂ ਵੀ ਵਾਹਿਗੁਰੂ ਦਾ ਜਾਪ ਕਰਦੀਆਂ ਨਾਲ ਚੱਲ ਰਹੀਆਂ ਸਨ | ਗਤਕਾ ਪਾਰਟੀ ਦੇ ਨੌਜਵਾਨਾਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ | ਇਹ ਨਗਰ ਕੀਰਤਨ ਗੁਰੂ ਘਰ ਤੋਂ ਸ਼ੁਰੂ ਹੋ ਕੇ ਗਊਸ਼ਾਲਾ ਰੋਡ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਂਕ, ਚੌਂਕ ਘੰਟਾਘਰ, ਮਹਿਰੀਆਂ ਬਾਜ਼ਾਰ, ਗਾਂਧੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪੁੱਜਿਆ | ਰਸਤੇ ਅੰਦਰ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਸੀ ਅਤੇ ਮਠਿਆਈ ਆਦਿ ਦੇ ਪ੍ਰਸ਼ਾਦ ਵੰਡੇ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ, ਗੁਰਜਿੰਦਰ ਸਿੰਘ ਬੰਟੀ, ਅਮਰੀਕ ਸਿੰਘ ਸ਼ਾਹ, ਤੇਜਿੰਦਰ ਸਿੰਘ, ਹਰਦੀਪ ਸਿੰਘ, ਹਰਮਿੰਦਰ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਪਟਵਾਰੀ ਆਦਿ ਨੇ ਪੂਰਨ ਸੇਵਾ ਨਿਭਾਈ |