ਅਬੋਹਰ, 14 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਸਟਰੇਲੀਆ ਦੇ ਮੈਲਬਾਰਨ ਸ਼ਹਿਰ ਵਿਚ 38ਵੀਂ ਸਿੱਖ ਖੇਡਾਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਈਆਂ ਗਈਆਂ ਜਿਸ ਵਿਚ 1200 ਦੇ ਕਰੀਬ ਪੰਜਾਬੀ ਭਾਈਚਾਰੇ ਨਾਲ ਜੁੜੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਲੜੀ ਤਹਿਤ ਨੇੜਲੇ ਪਿੰਡ ਕੁਹਾੜਿਆਂ ਵਾਲੀ ਦੇ ਵਸਨੀਕ ਹਾਲ ਆਬਾਦ ਏਕਤਾ ਕਾਲੋਨੀ ਅਬੋਹਰ ਦੇ ਬੂਟਾ ਸਿੰਘ ਵਿਰਕ ਨੇ 38ਵੀਂ ਆਸਟਰੇਲੀਅਨ ਸਿੱਖ ਖੇਡਾਂ ਵਿਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਤਗਮੇ ਹਾਸਲ ਕੀਤੇ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਬੂਟਾ ਸਿੰਘ ਵਿਰਕ ਨੇ ਦੱਸਿਆ ਕਿ ਅਸਟਰੇਲੀਆ ਦੇ ਮੈਲਬਾਰਨ ਸ਼ਹਿਰ ਵਿਚ ਇਸ ਵਾਰ ਸਿੱਖ ਖੇਡਾਂ ਕਰਵਾਈਆਂ ਗਈਆਂ ਹਨ ਜਦ ਕਿ ਪਿਛਲੇ ਇਹ ਖੇਡਾਂ ਸਿਡਨੀ ਵਿਖੇ ਹੋਈਆਂ ਸਨ ਅਤੇ ਅਗਲੇ ਸਾਲ ਪਰਥ ਸ਼ਹਿਰ ਵਿਚ ਸਿੱਖ ਖੇਡਾਂ ਹੋਣਗੀਆਂ | ਬੂਟਾ ਸਿੰਘ ਵਿਰਕ ਨੇ 800 ਮੀਟਰ ਦੌੜ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਜਦ ਕਿ 1500 ਮੀਟਰ ਦੌੜ ਅਤੇ 200 ਮੀਟਰ ਦੌੜ ਵਿਚ ਭਾਗ ਲੈਂਦੇ ਹੋਏ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਜਿੱਤੇ | ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦੇਸ਼ ਅਤੇ ਵਿਦੇਸ਼ ਵਿਚ ਕਈ ਮਾਸਟਰ ਅਥਲੀਟ ਖੇਡਾਂ ਵਿਚ ਵੀ ਭਾਗ ਲੈ ਕੇ ਤਗਮੇ ਜਿੱਤ ਚੁੱਕੇ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਨਾਲ ਜੁੜਨ ਦਾ ਸੁਨੇਹਾ ਦਿੱਤਾ | ਬੂਟਾ ਸਿੰਘ ਵਿਰਕ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਪਿੰਡ ਕੁਹਾੜਿਆਂ ਵਾਲੀ, ਏਕਤਾ ਕਾਲੋਨੀ ਤੋਂ ਇਲਾਵਾ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਵਿਰਕ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |