ਫ਼ਾਜ਼ਿਲਕਾ, 14 ਅਪ੍ਰੈਲ (ਸ. ਰ.)-ਸਥਾਨਕ ਮਲਟੀਪਰਪਜ਼ ਸਟੇਡੀਅਮ ਵਿਖੇ ਕਰਵਾਈ ਗਈ ਡਿਸਟਿ੍ਕਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2026 ਵਿਚ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਕੁੱਲ 7 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਲ ਕੀਤੇ | ਕੋਚ ਮੋਹਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਵਿਚ ਦਿਲਜੀਤ ਸਿੰਘ (37 ਕਿੱਲੋ ਕਿੱਕ ਲਾਈਟ), ਰਿਸ਼ਬ (42 ਕਿੱਲੋ, ਪੁਆਇੰਟ ਫਾਈਟ), ਅਦਿੱਤਿਆ (47 ਕਿੱਲੋ, ਕਿੱਕ ਲਾਈਟ), ਗੁਰਵਿੰਦਰ (52 ਕਿੱਲੋ, ਕਿੱਕ ਲਾਈਟ) ਅਤੇ ਦੇਵ (52 ਕਿੱਲੋ, ਲਾਈਟ ਕੰਟੈਕਟ) ਨੇ ਸੋਨ ਤਗ਼ਮੇ ਤਗਮੇ ਜਿੱਤੇ | ਇਸੇ ਤਰ੍ਹਾਂ ਮਯੰਕ (32 ਕਿੱਲੋ, ਪੁਆਇੰਟ ਫਾਈਟ) ਅਤੇ ਏਕਮ (63 ਕਿੱਲੋ, ਕਿੱਕ ਲਾਈਟ) ਨੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਇਆ ਹੈ | ਸਕੂਲ ਦੇ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ | ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਬੱਚਿਆਂ ਦੀ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ | ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਵੀ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗਾ |