ਫ਼ਾਜ਼ਿਲਕਾ, 1ਅਪ੍ਰੈਲ (ਦਵਿੰਦਰ ਪਾਲ ਸਿੰਘ)-ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ 'ਚ 'ਮਮਤਾ ਦਿਵਸ' ਮਨਾਇਆ ਗਿਆ | ਇਸ ਦੌਰਾਨ ਗਰਭਵਤੀ ਅÏਰਤਾਂ ਅਤੇ ਬੱਚਿਆਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਗਏ | ਡਾ. ਕਵਿਤਾ ਸਿੰਘ ਅਤੇ ਡਾ. ਰਿੰਕੂ ਚਾਵਲਾ ਨੇ ਖ਼ੁਦ ਸ਼ਤੀਰ ਵਾਲਾ, ਖਿਓ ਵਾਲੀ ਢਾਬ, ਜੰਡਵਾਲਾ ਮੀਰਾ ਸਾਂਗਲਾ ਆਦਿ ਪਿੰਡਾਂ ਦਾ ਦੌਰਾ ਕਰਕੇ ਕੈਂਪਾਂ ਦਾ ਜਾਇਜ਼ਾ ਲਿਆ | ਕੈਂਪ ਦੌਰਾਨ ਸੰਬੋਧਨ ਕਰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਕਈ ਕਾਰਨਾਂ ਕਰਕੇ ਅÏਰਤਾਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ, ਪਰ ਜੇਕਰ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ 'ਮਮਤਾ ਦਿਵਸ' ਮਨਾਇਆ ਜਾਂਦਾ ਹੈ, ਜਿੱਥੇ ਮੁਫ਼ਤ ਜਾਂਚ, ਟੈੱਸਟ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਅÏਰਤਾਂ ਨੂੰ ਖ਼ੂਨ ਦੀ ਕਮੀ ਅਤੇ ਬੀ.ਪੀ. ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਪੌਸ਼ਟਿਕ ਆਹਾਰ ਅਤੇ ਸਰਕਾਰੀ ਹਸਪਤਾਲਾਂ ਤੋਂ ਮਿਲਣ ਵਾਲੀਆਂ ਆਇਰਨ ਤੇ ਫੋਲਕ ਐਸਿਡ ਦੀਆਂ ਗੋਲੀਆਂ ਲੈਣ ਦੀ ਸਲਾਹ ਦਿੱਤੀ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾ ਕੇ ਉਨ੍ਹਾਂ ਨੂੰ ਪੋਲੀਓ, ਗਲ-ਘੋਟੂ, ਕਾਲੀ ਖੰਘ, ਟੈੱਟਨਸ, ਦਿਮਾਗ਼ੀ ਬੁਖ਼ਾਰ, ਪੀਲੀਆ, ਖ਼ਸਰਾ, ਰੂਬੇਲਾ ਅਤੇ ਨਮੂਨੀਆ ਵਰਗੀਆਂ 12 ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਰਵਾਈਕਲ ਕੈਂਸਰ ਤੋਂ ਬਚਾਅ ਲਈ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਐੱਚ.ਪੀ.ਵੀ. ਵੈਕਸੀਨ ਵੀ ਲਗਾਈ ਜਾ ਰਹੀ ਹੈ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਹੋਰ ਸਿਹਤ ਸਟਾਫ਼ ਹਾਜ਼ਰ ਸੀ |