24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 06-03-2026
ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਆਸ਼ਾ ਵਰਕਰਜ਼ ਫੈਸੀਲੀਟੇਟਰ ਯੂਨੀਅਨ ਸਾਂਝਾ ਮੋਰਚਾ ਪੰਜਾਬ ਦੇ ਸੂਬਾ ਪੱਧਰੀ ਫ਼ੈਸਲੇ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਸੂਬਾ ਮੀਤ ਪ੍ਰਧਾਨ ਦੁਰਗੋ ਬਾਈ, ਜ਼ਿਲ੍ਹਾ ਪ੍ਰਧਾਨ ਕਿਰਨ ਬਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਨੀਲਮ ਰਾਣੀ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਵਰਕਰਾਂ ਨੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਸਰਕਾਰ ਦੇ ਨਾਂ ਇਕ ਮੰਗ ਪੱਤਰ ਸੌਂਪਿਆ | ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਆਸ਼ਾ ਵਰਕਰਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਵਰਕਰਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ | ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਮਜ਼ਦੂਰੀ ਕਾਨੂੰਨ ਦੇ ਘੇਰੇ ਵਿਚ ਲਿਆ ਕੇ 26,000 ਰੁਪਏ ਮਾਣ ਭੱਤਾ ਦਿੱਤਾ ਜਾਵੇ | ਸੇਵਾਮੁਕਤ ਹੋਣ 'ਤੇ ਵਰਕਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ | ਫੈਸੀਲੀਟੇਟਰਾਂ ਨੂੰ ਹਰ ਮਹੀਨੇ 10,000 ਰੁਪਏ ਟੂਰ ਭੱਤਾ ਦਿੱਤਾ ਜਾਵੇ | 8 ਮਾਰਚ ਤੋਂ ਲਾਗੂ ਹੋਣ ਵਾਲਾ 1000 ਰੁਪਏ ਮਹਿਲਾ ਭੱਤਾ ਬਿਨਾਂ ਕਿਸੇ ਸ਼ਰਤ ਦੇ ਦਿੱਤਾ ਜਾਵੇ | ਚੌਥਾ ਦਰਜਾ ਭਰਤੀ ਵਿਚ ਆਸ਼ਾ ਵਰਕਰਾਂ ਲਈ 100 ਪ੍ਰਤੀਸ਼ਤ ਰਾਖਵਾਂ ਕੋਟਾ ਰੱਖਿਆ ਜਾਵੇ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ 11 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸੁਸ਼ਮਾ ਰਾਣੀ, ਰਜਨੀ ਬਾਲਾ, ਪ੍ਰਮਿਲਾ ਦੇਵੀ, ਰਾਜ ਰਾਣੀ, ਸੂਰਜ ਕੌਰ, ਅਵਿਨਾਸ਼ ਰਾਣੀ, ਸੁਮਨ ਰਾਣੀ, ਦੀਪਿਕਾ, ਸਿਮਰਜੀਤ ਕੌਰ ਅਤੇ ਵੀਨਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਕੌਂਸਲਰ ਪੂਜਾ ਲੂਥਰਾ ਨੇ ਫ਼ੋਨ ਰਾਹੀਂ ਉਸ ਨੂੰ ਧਮਕਾਉਣ ਤੇ ਪੈਸੇ ਮੰਗਣ ਦੇ ਲਗਾਏ ਦੋਸ਼ ਅਗਲੀ ਖ਼ਬਰ ਕਿਸਾਨ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਵਧੇਰੇ ਕਾਸ਼ਤ ਕਰਨ-ਡਾ. ਹਰਪੀ੍ਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।