ਫ਼ਾਜ਼ਿਲਕਾ, 19 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਲਾਲ ਬੱਤੀ ਚੌਕ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਜਿਵੇਂ ਹੀ ਚੌਕ ਦੀ ਟਰੈਫ਼ਿਕ ਲਾਈਟ ਹਰੀ ਹੋਈ ਤਾਂ ਵਾਹਨਾਂ ਦੀ ਜਲਦਬਾਜ਼ੀ ਕਾਰਨ ਇਕ ਸਕੂਟਰੀ ਸਵਾਰ ਕੈਂਟਰ ਦੀ ਲਪੇਟ ਵਿਚ ਆ ਗਿਆ | ਇਸ ਹਾਦਸੇ ਵਿਚ ਬਜ਼ੁਰਗ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਨੂੰ ਤੁਰੰਤ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਕੈਂਟਰ ਚਾਲਕ ਨੇ ਦੱਸਿਆ ਕਿ ਉਹ ਸ੍ਰੀ ਗੰਗਾਨਗਰ (ਰਾਜਸਥਾਨ) ਦਾ ਰਹਿਣ ਵਾਲਾ ਹੈ ਅਤੇ ਜਲਾਲਾਬਾਦ ਵਿਖੇ ਸੀਮਿੰਟ ਦੀ ਗੱਡੀ ਖ਼ਾਲੀ ਕਰਕੇ ਵਾਪਸ ਪਰਤ ਰਿਹਾ ਸੀ | ਉਸ ਅਨੁਸਾਰ ਲਾਲ ਬੱਤੀ ਚੌਕ ਕੋਲ ਜਿਵੇਂ ਹੀ ਹਰੀ ਬੱਤੀ ਹੋਈ ਤਾਂ ਸਕੂਟਰੀ ਸਵਾਰ ਦੋ ਵਿਅਕਤੀਆਂ ਨੇ ਅਚਾਨਕ ਗ਼ਲਤ ਸਾਈਡ ਤੋਂ ਸਕੂਟਰੀ ਮੋੜ ਦਿੱਤੀ | ਕੈਂਟਰ ਦੇ ਹੇਠਾਂ ਆਉਣ ਕਾਰਨ ਇਕ ਵਿਅਕਤੀ ਤਾਂ ਵਾਲ-ਵਾਲ ਬਚ ਗਿਆ, ਪਰ ਪਿੱਛੇ ਬੈਠਾ ਬਜ਼ੁਰਗ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਮੌਕੇ 'ਤੇ ਪਹੁੰਚੇ ਟਰੈਫ਼ਿਕ ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਹਿਜ਼ ਜਲਦਬਾਜ਼ੀ ਕਾਰਨ ਵਾਪਰਿਆ ਹੈ | ਪੁਲਿਸ ਨੇ ਕੈਂਟਰ ਚਾਲਕ ਨੂੰ ਰੋਕ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਚੌਕ ਵਿਚ ਪੁਲਿਸ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਮੰਨਿਆ ਕਿ ਟਰੈਫ਼ਿਕ ਪੁਲਿਸ ਵਿਚ ਮੁਲਾਜ਼ਮਾਂ ਦੀ ਕਮੀ ਹੈ, ਜਿਸ ਕਾਰਨ ਹਰ ਸਮੇਂ ਚੌਕ ਵਿਚ ਡਿਊਟੀ ਦੇਣੀ ਮੁਸ਼ਕਲ ਹੋ ਰਹੀ ਹੈ | ਫ਼ਿਲਹਾਲ ਜ਼ਖ਼ਮੀ ਬਜ਼ੁਰਗ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ |