ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫ਼ਾਜ਼ਿਲਕਾ ਹਰਪ੍ਰੀਤ ਪਾਲ ਕੌਰ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਫ਼ਾਜ਼ਿਲਕਾ ਦੇ ਪਿੰਡ ਚਾਹਲਾਂ ਵਾਲੀ ਵਿਖੇ ਸਰੋਂ੍ਹ ਦੀ ਫ਼ਸਲ ਦੀ ਸਾਂਭ-ਸੰਭਾਲ, ਕੀੜੇ-ਮਕੌੜਿਆਂ ਅਤੇ ਰੋਗਾਂ ਦੀ ਰੋਕਥਾਮ ਸੰਬੰਧੀ ਇਕ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ | ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਰੋਂ੍ਹ ਦੀ ਫ਼ਸਲ ਦੇ ਮੌਜੂਦਾ ਪੜਾਅ ਦੌਰਾਨ ਅਪਣਾਏ ਜਾਣ ਵਾਲੇ ਸਹੀ ਖੇਤੀ ਤਕਨੀਕੀ ਉਪਾਅ ਬਾਰੇ ਵਿਸਥਾਰਪੂਰਬਕ ਜਾਣਕਾਰੀ ਪ੍ਰਦਾਨ ਕਰਨਾ ਸੀ, ਤਾਂ ਜੋ ਫ਼ਸਲ ਦੀ ਪੈਦਾਵਾਰ ਤੇ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ | ਕੈਂਪ ਦੌਰਾਨ ਲਵਪ੍ਰੀਤ ਘੁੰਮਣ ਖੇਤੀਬਾੜੀ ਵਿਕਾਸ ਅਫ਼ਸਰ ਤੇ ਦਵਿੰਦਰ ਕੁਮਾਰ ਖੇਤੀਬਾੜੀ ਉਪ ਨਿਰਖਕ ਵਲੋਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਸਰੋਂ੍ਹ ਦੀ ਫ਼ਸਲ ਫ਼ੁਲ ਆਉਣ ਅਤੇ ਦਾਣਾ ਬਣਨ ਦੇ ਮਹੱਤਵਪੂਰਨ ਪੜਾਅ ਵਿਚ ਹੈ | ਇਸ ਅਹਿਮ ਪੜਾਅ ਦੌਰਾਨ ਜੇਕਰ ਕੀੜੇ ਜਾਂ ਰੋਗਾਂ 'ਤੇ ਸਮੇਂ ਸਿਰ ਨਿਯੰਤਰਨ ਨਾ ਕੀਤਾ ਗਿਆ ਤਾਂ ਫ਼ਸਲ ਦੀ ਪੈਦਾਵਾਰ 'ਤੇ ਨਕਾਰਾਤਮਿਕ ਪ੍ਰਭਾਵ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਸਰੋਂ੍ਹ ਦੀ ਫ਼ਸਲ ਵਿਚ ਖ਼ਾਸ ਤੌਰ 'ਤੇ ਚੇਪਾ, ਅਲਟਰਨੇਰੀਆ ਝੁਲਸ ਤੇ ਚਿੱਟੀ ਕੂੰਗੀ ਵਰਗੇ ਰੋਗਾਂ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ | ਇਸ ਸੰਦਰਭ ਵਿਚ ਕਿਸਾਨਾਂ ਨੂੰ ਸਪੱਸ਼ਟ ਤੌਰ 'ਤੇ ਹਦਾਇਤ ਕੀਤੀ ਗਈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕ ਅਤੇ ਉੱਲੀਨਾਸ਼ਕ ਦਵਾਈਆਂ ਦੀ ਵਰਤੋਂ ਕਰਨ | ਫ਼ਸਲ ਵਿਚ ਚੇਪੇ ਦੀ ਰੋਕਥਾਮ ਲਈ ਥਾਇਆਮੇਥੋਕਸਾਮ 25 ਡਬਲਿਊ. ਜੀ. 40 ਗਰਾਮ ਪ੍ਰਤੀ ਏਕੜ, ਜਾਂ ਡਾਈਮੇਥੋਏਟ 30 ਈ. ਸੀ. 400 ਮਿਲੀਲਿਟਰ ਪ੍ਰਤੀ ਏਕੜ ਨੂੰ 100 ਤੋਂ 125 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ | ਇਸੇ ਤਰ੍ਹਾਂ ਚਿੱਟੀ ਕੁੰਗੀ ਦੀ ਰੋਕਥਾਮ ਲਈ ਮੈਟਾਲੈਕਸਿਲ+ਮੈਨਕੋਜ਼ੈਬ (ਰਿਡੋਮਿਲ ਗੋਲਡ) 250 ਗਰਾਮ ਪ੍ਰਤੀ ਏਕੜ ਦੀ ਮਾਤਰਾ ਪਾਣੀ 'ਚ ਘੋਲ ਕੇ ਸਪਰੇਅ ਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ | ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਸਿਫ਼ਾਰਸ਼ੀ ਮਾਤਰਾ ਤੋਂ ਵੱਧ ਜਾਂ ਬਿਨਾਂ ਲੋੜ ਦਵਾਈ ਦੀ ਵਰਤੋਂ ਕਰਨ ਨਾਲ ਫ਼ਸਲ, ਮਿੱਟੀ ਤੇ ਵਾਤਾਵਰਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਤਪਾਦਨ ਲਾਗਤ ਵਿਚ ਬੇਲੋੜਾ ਵਾਧਾ ਹੁੰਦਾ ਹੈ | ਇਸ ਲਈ ਸਪਰੇਅ ਸਿਰਫ਼ ਲੋੜ ਪੈਣ 'ਤੇ, ਮੌਸਮੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਜਦੋਂ ਹਵਾ ਦੀ ਗਤੀ ਘੱਟ ਹੋਵੇ, ਕਰਨ ਦੀ ਹਦਾਇਤ ਦਿੱਤੀ ਗਈ | ਕੈਂਪ ਦੌਰਾਨ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ, ਸਮੇਂ-ਸਿਰ ਸਿੰਚਾਈ ਅਤੇ ਫ਼ਸਲ ਦੀ ਸਮੁੱਚੀ ਸਿਹਤ ਸੰਭਾਲ ਸਬੰਧੀ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਅੰਤ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਗਿਆਨਕ ਅਤੇ ਸਿਫ਼ਾਰਸ਼ੀ ਤਰੀਕਿਆਂ ਨੂੰ ਅਪਣਾ ਕੇ ਸਰੋਂ੍ਹ ਦੀ ਫ਼ਸਲ ਦੀ ਕਾਸ਼ਤ ਕਰਨ |