ਅਬੋਹਰ, 29 ਜਨਵਰੀ (ਵਿਵੇਕ ਹੂੜੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ 10 ਲੱਖ ਰੁਪਏ ਵਾਲੀ 'ਮੁੱਖ ਮੰਤਰੀ ਸਿਹਤ ਯੋਜਨਾ' ਦਾ ਕੰਮ ਅਬੋਹਰ ਵਿਧਾਨ ਸਭਾ ਹਲਕੇ ਦੇ ਵਾਰਡਾਂ ਅਤੇ ਪਿੰਡਾਂ ਵਿਚ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਤੇ ਪਾਰਟੀ ਵਰਕਰ ਲੋਕਾਂ ਦੀ ਰਜਿਸਟ੍ਰੇਸ਼ਨ ਕਰਕੇ ਕਾਰਡ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ 'ਤੇ ਪੂਰੇ ਪੰਜਾਬ ਵਿਚ ਇਹ ਮੁਹਿੰਮ ਵਿੱਢੀ ਗਈ ਹੈ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਹੋਵੇਗਾ | ਸਰਕਾਰ ਵਲੋਂ ਉਨ੍ਹਾਂ ਹਸਪਤਾਲਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ, ਜਿੱਥੇ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਅਰੁਣ ਨਾਰੰਗ ਨੇ ਦੱਸਿਆ ਕਿ ਰੋਜ਼ਾਨਾ ਵੱਖ-ਵੱਖ ਵਾਰਡਾਂ ਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 42 ਵਿਚ ਸਵੇਰੇ 10:30 ਵਜੇ, ਵਾਰਡ 38 ਵਿਚ 11 ਵਜੇ, ਵਾਰਡ 8 ਵਿਚ 11 ਵਜੇ, ਵਾਰਡ 11 ਵਿਚ 12 ਵਜੇ, ਵਾਰਡ 31 ਵਿਚ 12:30 ਵਜੇ ਅਤੇ ਪਿੰਡ ਕਿੱਲਿ੍ਹਆਂਵਾਲੀ ਵਿਚ 1 ਵਜੇ ਕਾਰਡ ਬਣਾਏ ਜਾਣਗੇ | ਇਸੇ ਤਰ੍ਹਾਂ ਖੂਈਆਂ ਸਰਵਰ 'ਚ 1:30 ਵਜੇ , ਦੀਵਾਨ ਖੇੜਾ ਵਿਚ 2 ਵਜੇ, ਗਿੱਦੜਾਂ ਵਾਲੀ 'ਚ ਢਾਈ ਵਜੇ, ਮੌਜਗੜ੍ਹ 'ਚ 3 ਵਜੇ ਅਤੇ ਕਲਰ ਖੇੜਾ ਵਿਚ ਦੁਪਹਿਰ 3:30 ਵਜੇ ਕੈਂਪ ਲੱਗਣਗੇ | ਯੋਜਨਾ ਬਾਰੇ ਵਿਸਥਾਰ ਵਿਚ ਦੱਸਦਿਆਂ ਉਨ੍ਹਾਂ ਕਿਹਾ ਕਿ ਘਰ ਦੇ ਮੁਖੀ ਦਾ ਆਧਾਰ ਕਾਰਡ ਅਤੇ ਅਬੋਹਰ ਦਾ ਵੋਟਰ ਕਾਰਡ ਲੈ ਕੇ ਇਹ ਕਾਰਡ ਬਣਾਇਆ ਜਾਵੇਗਾ, ਜਿਸ 'ਚ ਪਰਿਵਾਰ ਦੇ ਬਾਕੀ ਮੈਂਬਰ ਅਤੇ ਬੱਚੇ ਆਪਣੇ-ਆਪ ਸ਼ਾਮਿਲ ਹੋ ਜਾਣਗੇ | ਇਸ ਮੌਕੇ ਬਲਾਕ ਪ੍ਰਧਾਨ ਨਿਤਿਨ ਕਾਲੜਾ, ਯੂਥ ਬਲਾਕ ਕੋਆਰਡੀਨੇਟਰ ਸੁਸ਼ਾਂਤ ਕੰਬੋਜ ਅਤੇ ਸੰਗਠਨ ਇੰਚਾਰਜ ਰਣਧੀਰ ਗਾਬਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |