ਅਬੋਹਰ, 22 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਅਬੋਹਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਜੀਤ ਨਗਰ ਵਿਖੇ ਲੋੜਵੰਦ ਸਹਾਇਤਾ ਪ੍ਰੋਗਰਾਮ ਤਹਿਤ 900 ਨਵੇਂ ਕੱਪੜੇ ਵੰਡੇ | ਇਸ ਸੇਵਾ ਪ੍ਰੋਗਰਾਮ 'ਚ ਬੱਚਿਆਂ ਸਮੇਤ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਨਵੇਂ ਕੱਪੜੇ ਪ੍ਰਦਾਨ ਕੀਤੇ ਗਏ | ਪ੍ਰੋਗਰਾਮ ਦੀ ਸ਼ੁਰੂਆਤ 'ਵੰਦੇ ਮਾਤਰਮ' ਦੇ ਨਾਲ ਕੀਤੀ ਅਤੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਸਾਹਿਲ ਮਿੱਤਲ ਵਲੋਂ ਕੀਤਾ | ਇਸ ਤੋਂ ਬਾਅਦ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭਰਤ ਗੋਇਲ ਨੇ ਪ੍ਰੋਗਰਾਮ 'ਚ ਮੌਜੂਦ ਇਲਾਕਾ ਨਿਵਾਸੀਆਂ ਤੇ ਅਜੀਤ ਨਗਰ ਦੇ ਸਰਪੰਚ ਦਾ ਸਵਾਗਤ ਕੀਤਾ ਅਤੇ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਰਾਮ ਨਿਵਾਸ ਯਾਦਵ ਨੇ ਕੀਤੀ ਜਦ ਕਿ ਸੂਬਾਈ ਮੈਂਬਰ ਕਾਲੀ ਇਸ਼ਾਪੂਜਾਨੀ ਪ੍ਰੋਗਰਾਮ ਇੰਚਾਰਜ ਵਜੋਂ ਮੌਜੂਦ ਰਹੇ | ਪ੍ਰੋਗਰਾਮ 'ਚ ਕੌਂਸਲ ਦੇ ਸਕੱਤਰ ਡਾ. ਸਾਹਿਲ ਮਿੱਤਲ, ਸੁਨੀਲ ਠੱਠਈ, ਮੀਰਾ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਿੱਤਲ, ਪਾਰੁਲ ਗੁਪਤਾ, ਬਿੰਦਰ ਗੋਇਲ ਤੇ ਲਵਲੀਨ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪ੍ਰੋਗਰਾਮ ਉਪਰੰਤ ਅਜੀਤ ਨਗਰ ਦੇ ਸਰਪੰਚ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਨਿਰੰਤਰ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ |