30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਦਫ਼ਤਰ ’ਚ ਹੋ ਰਿਹਾ ਹੈ ਵੱਡਾ ਘੁਟਾਲਾ, ਸਰਪੰਚਾਂ ਨੇ ਲਗਾਏ ਦੋਸ਼

ਸ੍ਰੀ ਹਰਿਗੋਬਿੰਦਪੁਰ, 28 ਸਤੰਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਬੀ. ਡੀ.

ਅਜੀਤ ਡੈਸਕ 30-09-2026
ਸ੍ਰੀ ਹਰਿਗੋਬਿੰਦਪੁਰ, 28 ਸਤੰਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਬੀ.ਡੀ.ਪੀ.ਓ. ਦਫ਼ਤਰ ਜਿਸ ਦੇ ਅਧੀਨ ਹਲਕੇ ਦੀਆਂ ਤਕਰੀਬਨ 104 ਪਿੰਡਾਂ ਦੀਆਂ ਪੰਚਾਇਤਾਂ ਆਉਂਦੀਆਂ ਹਨ, ਇਸ ਸਮੇਂ ਇਸ ਦਫ਼ਤਰ ’ਚ ਵੱਡਾ ਘੁਟਾਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਦੋਸ਼ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਚੁਣੇ ਗਏ ਸਰਪੰਚਾਂ ਵਲੋਂ ਲਗਾਏ ਜਾ ਰਹੇ ਨੇ, ਜੋ ਕਿ ਹੈਰਾਨੀਚਨਕ ਗੱਲ ਹੈ। ਇਸ ਬਾਰੇ ਸਰਪੰਚ ਯੂਨੀਅਨ ਦੇ ਸਰਪ੍ਰਸਤ ਸਰਪੰਚ ਸੁਖਰਾਜ ਸਿੰਘ ਕਾਹਲੋਂ ਪੇਰੋਸ਼ਾਹ, ਸਰਪੰਚ ਲਾਜਵੰਤ ਸਿੰਘ, ਸਰਪੰਚ ਸੰਤੋਖ ਸਿੰਘ ਧੀਰੋਵਾਲ, ਸਰਪੰਚ ਦਵਿੰਦਰ ਉਂਕਾਰ ਸਿੰਘ ਪਿੰਡਾਰੋੜੀ, ਸਰਪੰਚ ਗੁਰਨਾਮ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਮਨਦੀਪ ਸਿੰਘ ਮਹਿਮਦਪੁਰ, ਸਰਪੰਚ ਪਰਮਜੀਤ ਸਿੰਘ ਬੋਪਾਰਾਏ, ਸਰਪੰਚ ਬਚਿੱਤਰ ਸਿੰਘ, ਸਰਪੰਚ ਰਤਨ ਸਿੰਘ, ਸਰਪੰਚ ਸਾਬੀ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਜਗਦੀਪ ਸਿੰਘ, ਸਰਪੰਚ ਭੁਪਿੰਦਰ ਸਿੰਘ ਪੱਤੀ ਪਰਦੇਸੀ ਵਾਲੀ ਮਾੜੀ ਪੰਨਵਾਂ, ਸਰਪੰਚ ਸੁਰਿੰਦਰ ਸਿੰਘ ਮਿੱਠਾਪੁਰ, ਸਰਪੰਚ ਦਲਬੀਰ ਸਿੰਘ, ਸਰਪੰਚ ਭਜਨ ਸਿੰਘ, ਸਰਪੰਚ ਤੇਜਿੰਦਰ ਸਿੰਘ ਆਦਿ ਨੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਬੀ.ਡੀ.ਪੀ.ਓ., ਲੇਖਾਕਾਰ, ਜੇ.ਈ., ਸੈਕਟਰੀ ਤੇ ਹੋਰ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਸਰਕਾਰੀ ਪੈਸਿਆਂ ਵਾਲੇ ਬਿੱਲ ਪਾਸ ਕਰਵਾ ਕੇ ਸਰਕਾਰੀ ਤੇ ਮਹਿਕਮੇ ਦੇ ਖ਼ਜ਼ਾਨੇ ਨਾਲੇ ਹੇਰੀਫੇਰੀ ਕੀਤੀ ਜਾ ਰਹੀ ਹੈ ਤੇ ਪੈਸੇ ਕਢਵਾ ਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ‘ਆਪ’ ਸਰਕਾਰ ਦੀ ਸ਼ਾਖ ਨੂੰ ਧੁੰਦਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਜਿਸ ਵਿਚ ਸਰਪੰਚਾਂ-ਪੰਚਾਂ, ਅਧਿਕਾਰੀਆਂ/ਕਰਮਚਾਰੀਆਂ ਅਤੇ ਲਾਈਨ ਵਿਭਾਗਾਂ ਦੇ ਕਰਮਚਾਰੀਆਂ ਲਈ ‘ਕੁਆਵਲਟੀ ਜੀ.ਪੀ.ਡੀ.ਪੀ. ਇੰਟੀਗ੍ਰੇਸ਼ਨ ਵਿੱਧ ਪਾਈ’ ਟਰੇਨਿੰਗ ਦੇਣ ਲਈ ਬਲਾਕ, ਸਰਕਲ ਤੌਰ ’ਤੇ ‘ਪੰਚਾਇਤ ਪ੍ਰਗਤੀ ਸੂਚਕਾਂਕ ਏਕੀਕਰਨ ਅਧਾਰਿਤ ਗੁਣਵੱਤਾ ਵਾਲੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਸਬੰਧੀ ਸਰਪੰਚਾਂ-ਪੰਚਾਂ ਨੂੰ ਸਿਖ਼ਲਾਈ ਦੇਣ ਲਈ ਬਲਾਕ ਪੱਧਰੀ ਕੈਂਪ’ ਲਗਾਏ ਗਏ ਹਨ, ਜਿਸ ਦਾ ਮਕਸਦ ਸਰਪੰਚ, ਪੰਚ, ਆਂਗਣਵਾੜੀ, ਆਸ਼ਾ ਵਰਕਰਾਂ, ਅਧਿਆਪਕਾਂ ਆਦਿ ਮੁਲਜ਼ਾਮਾਂ ਨੂੰ ਸਿਖ਼ਲਾਈ ਦੇਣਾ ਹੈ ਤੇ ਪਹਿਲਾ ਕੈਂਪ 20 ਜੁਲਾਈ ਨੂੰ ਲੱਗਾ ਸੀ ਤੇ ਦੂਸਰਾ ਸਿਖ਼ਲਾਈ ਕੈਂਪ ਹੁਣ 21 ਸਤੰਬਰ ਤੋਂ 27 ਸਤੰਬਰ ਤੱਕ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਬਲਾਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਲਗਾਇਆ ਹੈ। ਉਸ ਵਿਚ ਸਿਖ਼ਲਾਈ ਪ੍ਰਾਪਤ ਕਰਨ ਵਾਲੇ ਸਰਪੰਚਾਂ, ਪੰਚਾਂ ਅਤੇ ਹੋਰ ਅਧਿਕਾਰੀਆਂ ਨੂੰ ਰੋਟੀ, ਪਾਣੀ ਆਦਿ ਖਵਾਉਣ ਲਈ ਜੋ ਸਰਕਾਰ ਵਲੋਂ ਇਕ ਵਿਅਕਤੀ ਨੂੰ 300 ਰੁਪਏ ਦਾ ਖ਼ਰਚਾ ਦਿੱਤਾ ਜਾਂਦਾ ਹੈ, ਇਸ ਤੋਂ ਇਲਾਵਾ ਸਿਖ਼ਲਾਈ ਪ੍ਰਾਪਤ ਕਰਨ ਸਮੇਂ ਪ੍ਰਤੀ ਇਕ ਵਿਅਕਤੀ ਨੂੰ ਸਟੇਸ਼ਨਰੀ ਵੀ ਮੁਹੱਈਆ ਕਰਵਾਉਣ ਲਈ ਵੱਖਰੇ ਤੌਰ ’ਤੇ 60 ਰੁਪਏ ਦਿੱਤੇ ਜਾਂਦੇ ਹਨ, ਜਿਸ ਦੀ ਜ਼ਿੰਮੇਵਾਰੀ ਬੀ.ਡੀ.ਪੀ.ਓ. ਦਫ਼ਤਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰ ਦੋਵਾਂ ਸਿਖ਼ਲਾਈ ਕੈਂਪਾਂ ਵਿਚ ਕਿਸੇ ਸਰਪੰਚ, ਪੰਚ ਜਾਂ ਹੋਰ ਮੁਲਾਜ਼ਮ ਨੂੰ ਕਿਸੇ ਪ੍ਰਕਾਰ ਦਾ ਕੋਈ ਚਾਹ, ਰੋਟੀ-ਪਾਣੀ ਪੀਣ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ’ਚ ਸਿਖ਼ਲਾਈ ਪ੍ਰਾਪਤ ਕਰਨ ਵਾਲੇ ਤਕਰੀਬਨ 700 ਤੋਂ ਵੀ ਵੱਧ ਮੁਲਾਜ਼ਮ ਬਣਦੇ ਹਨ, ਜਿਸ ਕਾਰਨ ਇਕ ਕੈਂਪ ਦਾ ਬਿੱਲ ਢਾਈ ਲੱਖ ਤੋਂ ਵੱਧ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਏਨ੍ਹੇ ਪੈਸੇ ਮਹਿਕਮੇ ਦੇ ਖ਼ਜ਼ਾਨੇ ਵਿਚ ਕਢਵਾ ਲਏ ਗਏ ਹਨ। ਦੂਸਰੇ ਕੈਂਪ ਵਿਚ ਵੀ ਆਉਣ ਵਾਲਾ ਖ਼ਰਚਾ ਵੀ ਏਨਾ ਹੀ ਹੋਵੇਗਾ, ਜਿਸ ਨੂੰ ਸਰਕਾਰ ਕਢਵਾਉਣ ਤੋਂ ਰੋਕੇ, ਕਿਉਂਕਿ ਸਿਖ਼ਲਾਈ ਪ੍ਰਾਪਤ ਕਰਨ ਵਾਲੇ ਸਰਪੰਚ, ਪੰਚ ਜਾਂ ਹੋਰ ਕਿਸੇ ਮੁਲਾਜ਼ਮ ਨੂੰ ਕੋਈ ਵੀ ਚੀਜ਼ ਖਾਣ-ਪੀਣ ਨੂੰ ਮੁਹੱਈਆ ਹੀ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਾਨੂੰ ਕੈਂਪ ਦੀ ਅਖ਼ੀਰਲੇ ਦਿਨ 26 ਸਤੰਬਰ ਨੂੰ ਦੱਸਿਆ ਗਿਆ ਕਿ ਕੈਂਪ ਲੱਗਾ ਹੈ, ਇਸ ਵਿਚ ਹਾਜ਼ਰ ਹੋਵੇ ਤੇ ਜਦੋਂ ਅਸੀਂ ਕੈਂਪ ਵਿਚ ਆਏ ਤਾਂ ਬੀ.ਡੀ.ਪੀ.ਓ. ਦਫ਼ਤਰ ਮੁਕੰਮਲ ਤੌਰ ’ਤੇ ਬੰਦ ਪਿਆ ਸੀ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਪ੍ਰਬੰਧ ਬੀ.ਡੀ.ਪੀ.ਓ. ਦਫ਼ਤਰ ਵਲੋਂ ਨਹੀਂ ਕੀਤਾ ਗਿਆ। ਉਕਤ ਸਰਪੰਚਾਂ ਨੇ ਕਿਹਾ ਕਿ ਜੋ ਜਦੋਂ ਇਸ ਮਸਲੇ ’ਤੇ ਅਸੀਂ ਬੀ.ਡੀ.ਪੀ.ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਮੈਂ ਸੋਮਵਾਰ ਦਫ਼ਤਰ ਆ ਕੇ ਤੁਹਾਡੇ ਨਾਲ ਗੱਲ ਕਰਾਂਗਾ ਤੇ ਅਸੀਂ ਅੱਜ ਸਰਪੰਚ ਇਕੱਤਰ ਹੋ ਕਿ ਸੋਮਵਾਰ ਨੂੰ ਦਫ਼ਤਰ ਪਹੁੰਚੇ ਤਾਂ ਬੀ.ਡੀ.ਪੀ.ਓ. ਦਫ਼ਤਰ ਵਿਚ ਸਾਡੀ ਗੱਲ ਸੁਣਨ ਲਈ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਲੋਕਾਂ ਦੇ ਚੁਣੇ ਹੋਏ ਇਕ ਪਿੰਡ ਦੇ ਜ਼ਿੰਮੇਵਾਰ ਸਰਪੰਚ ਦੀ ਗੱਲ ਸੁਣਨ ਲਈ ਸਮਾਂ ਨਹੀਂ ਕੱਢ ਰਿਹਾ, ਜਿਸ ਕਾਰਨ ਸਰਪੰਚਾਂ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਦਫ਼ਤਰ ਵਿਚ ਕੀਤੇ ਜਾ ਰਹੇ ਘਪਲੇ ਕਾਰਨ ‘ਆਪ’ ਸਰਕਾਰ ਦਾ ਅਕਸ ਵੀ ਧੁੰਦਲਾ ਹੋ ਰਿਹਾ ਹੈ ਅਤੇ ਸਰਕਾਰ ਵਲੋਂ ਕਰਵਾਏ ਜਾ ਰਹੇ ਪਿੰਡਾਂ ਦੇ ਵਿਕਾਸ ਵਿਚ ਵੀ ਅੜਿੱਕਾ ਢਾਹਿਆ ਜਾ ਰਿਹਾ ਹੈ, ਕਿਉਂਕਿ ਪਿੰਡ ਦੇ ਸਰਪੰਚ ਵਲੋਂ ਪਿੰਡ ਵਿਚ ਕਰਵਾਏ ਵਿਕਾਸ ਕਾਰਜਾਂ ਦੀ ਯੂ.ਸੀ. (ਵਰਤੋਂ ਪ੍ਰਮਾਣ ਪੱਤਰ) ਲੈਣ ਲਈ ਬੀ.ਡੀ.ਪੀ.ਓ., ਲੇਖਾਕਾਰ, ਜੇ.ਈ. ਅਤੇ ਸੈਕਟਰੀਆਂ ਵਲੋਂ ਵੱਖਰੇ-ਵੱਖਰੇ ਤੌਰ ’ਤੇ ਪੈਸੇ ਰਿਸ਼ਵਤ ਦੇ ਤੌਰ ’ਤੇ ਮੰਗੇ ਜਾਂਦੇ ਹਨ, ਜਿਸ ਕਾਰਨ ਬਲਾਕ ਦੇ ਸਮੁੱਚੇ ਸਰਪੰਚ ਢਾਡੇ ਪ੍ਰੇਸ਼ਾਨ ਨੇ ਤੇ ਰਿਸ਼ਵਤ ਦੇਣ ਤੋਂ ਮਨਾਂ ਕਰਨ ਵਾਲੀਆਂ ਪੰਚਾਇਤਾਂ ਵਿਕਾਸ ਕੰਮ ਕਰਵਾਉਣ ਤੋਂ ਪਾਸਾ ਵੱਟ ਰਹੀਆਂ ਹਨ। ਇਸ ਸਮੇਂ ਉਕਤ ਸਰਪੰਚਾਂ ਨੇ ਪੰਜਾਬ ਸਰਕਾਰ, ਡੀ.ਸੀ. ਗੁਰਦਾਸਪੁਰ ਕੋਲੋਂ ਦਫ਼ਤਰ ਵਿਚ ਹੋ ਰਹੇ ਘਪਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਤਾਰਾਗੜ੍ਹ ਤੋਂ ਨਿੱਕੇ ਘੁੰਮਣ ਜਾਂਦੀ ਸੜਕ ’ਤੇ ਮਿੱਟੀ ਦਾ ਆਲਮ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ ਯੂਨੀਅਨ ਨੇ ਡੀ.ਸੀ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।