ਐਸ.ਬੀ.ਐਸ.ਐਸ.ਯੂ ਵਿਖੇ ‘ਹਰ ਘਰ ਤਿਰੰਗਾ’ ਯਾਤਰਾ ਨੇ ਭਰਿਆ ਦੇਸ਼ ਭਗਤੀ ਦਾ ਜੋਸ਼
ਗੁਰਦਾਸਪੁਰ, 14 ਅਗਸਤ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਸ਼ਟਰ ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸ਼ਾਨਦਾਰ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਵਿਚ ਦੇਸ਼ ਭਗਤੀ, ਰਾਸ਼ਟਰੀ ਏਕਤਾ ਤੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਗੁਰਦਾਸਪੁਰ, 14 ਅਗਸਤ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਸ਼ਟਰ ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸ਼ਾਨਦਾਰ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਵਿਚ ਦੇਸ਼ ਭਗਤੀ, ਰਾਸ਼ਟਰੀ ਏਕਤਾ ਤੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਤਿਰੰਗਾ ਯਾਤਰਾ ਦੀ ਅਗਵਾਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਸੰਵਿਧਾਨ ਦੇ ਮੁੱਲਾਂ ਦਾ ਸਤਿਕਾਰ ਕਰਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਤੇ ਤਰੱਕੀ ਵਿਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਯਾਤਰਾ ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਹੋ ਕੇ ਯੂਨੀਵਰਸਿਟੀ ਕੈਂਪਸ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਮੁੱਖ ਗੇਟ ਤੱਕ ਪਹੁੰਚੀ ਅਤੇ ਮੁੜ ਕੈਂਪਸ ਵਿਖੇ ਸਮਾਪਤ ਹੋਈ। ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਹੱਥਾਂ ਵਿਚ ਤਿਰੰਗਾ ਫੜ ਕੇ ਦੇਸ਼ ਭਗਤੀ ਦੇ ਨਾਅਰੇ ਲਗਾਏ ਅਤੇ ਰਾਸ਼ਟਰੀ ਏਕਤਾ ਤੇ ਦੇਸ਼ ਪ੍ਰੇਮ ਦਾ ਸੰਦੇਸ਼ ਦਿੱਤਾ। ਇਸ ਮੌਕੇ ਰਜਿਸਟਰਾਰ ਡਾ: ਅਜੈ ਕੁਮਾਰ, ਡੀਨ ਅਕਾਦਮਿਕ ਅਫੇਅਰਜ਼ ਡਾ: ਹਰਿਸ਼ ਪੁੰਗੋਤਰਾ, ਡੀਨ ਵਿਦਿਆਰਥੀ ਮਾਮਲੇ ਡਾ: ਗੁਰਪਦਮ ਸਿੰਘ, ਐਸੋਸੀਏਟ ਡੀਨ ਵਿਦਿਆਰਥੀ ਮਾਮਲੇ ਜਸਪ੍ਰੀਤ ਕੌਰ ਅਤੇ ਸੁਖਵਿੰਦਰਬੀਰ ਸਮੇਤ ਵੱਖ-ਵੱਖ ਡੀਨ, ਵਿਭਾਗ ਮੁਖੀ, ਅਧਿਆਪਕ, ਅਧਿਕਾਰੀ, ਸੁਰੱਖਿਆ ਕਰਮਚਾਰੀ ਤੇ ਗੈਰ-ਅਧਿਆਪਕ ਕਰਮਚਾਰੀ ਮੌਜੂਦ ਰਹੇ। ਤਿਰੰਗਾ ਯਾਤਰਾ ’ਚ ਐਨ.ਐਸ.ਐਸ ਵਲੰਟੀਅਰਾਂ ਅਤੇ ਐਨ.ਸੀ.ਸੀ ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਐਨ.ਐਸ.ਐਸ ਪ੍ਰੋਗਰਾਮ ਕੋਆਰਡੀਨੇਟਰ ਡਾ: ਰਾਜੇਸ਼ ਸ਼ਰਮਾ, ਪ੍ਰੋਗਰਾਮ ਅਫ਼ਸਰ ਤਰੁਣ ਮਹਾਜਨ, ਸੁਸ਼ਰੀ ਮਨਿਲਾ ਕਸ਼ਯਪ ਅਤੇ ਐਨ.ਸੀ . ਸੀ ਦੇ ਏ.ਐਨ.ਓ ਅਰੁਣ ਨੰਦਾ ਦੀ ਅਗਵਾਈ ਹੇਠ ਵਲੰਟੀਅਰਾਂ ਤੇ ਕੈਡਿਟਾਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਮਾਰਚ ਕੀਤਾ। ਇਸ ਮੌਕੇ ਡਾ: ਐਸ.ਕੇ ਮਿਸ਼ਰਾ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਸਿਰਫ਼ ਰਾਸ਼ਟਰੀ ਝੰਡੇ ਦੇ ਸਤਿਕਾਰ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਤਿਰੰਗੇ ਨਾਲ ਨਾਗਰਿਕਾਂ ਦੇ ਭਾਵਨਾਤਮਕ ਜੁੜਾਅ ਨੂੰ ਮਜ਼ਬੂਤ ਕਰਨ ਅਤੇ ਏਕਤਾ, ਕੁਰਬਾਨੀ ਤੇ ਰਾਸ਼ਟਰ ਨਿਰਮਾਣ ਦੇ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਹੈ।