ਫ਼ਤਹਿਗੜ੍ਹ ਚੂੜੀਆਂ, 11 ਅਗਸਤ (ਐੱਮ.ਐੱਸ. ਫੁੱਲ)-ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਰੋਸ਼ਨ ਜੋਸਫ਼ ਨੇ ਇਕ ਲਿਖਤੀ ਬਿਆਨ ਰਾਹੀਂ ਨਵ-ਨਿਯੁਕਤ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਕੁਲਵਿੰਦਰ ਸਿੰਘ ਲਾਲੀ ਨੂੰ ਉਨ੍ਹਾਂ ਦੀ ਤਾਜਪੋਸ਼ੀ ਮੌਕੇ ਫ਼ਤਹਿਗੜ੍ਹ ਚੂੜੀਆਂ ਦੇ ਸਮੂਹ ਇਸਾਈ ਭਾਈਚਾਰੇ ਵਲੋਂ ਲੱਖ-ਲੱਖ ਵਧਾਈ ਦਿੱਤੀ ਹੈ। ਇਸ ਮੌਕੇ ਸ੍ਰੀ ਰੋਸ਼ਨ ਜੋਸਫ਼ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਫ਼ਤਹਿਗੜ੍ਹ ਚੂੜੀਆਂ ਦੇ ਜੰਮਪਲ ਵਿਅਕਤੀ, ਜਿਨ੍ਹਾਂ ਦੇ ਪੁਰਖਿਆਂ ਨੇ ਹਮੇਸ਼ਾਂ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਇਆ ਹੈ, ਨੂੰ ਸ਼ਹਿਰ ਦੀ ਸੇਵਾ ਸੌਂਪੀ ਗਈ ਹੈ। ਉਨ੍ਹਾਂ ਬਾਜਵਾ ਸਾਹਿਬ, ਸਮੂਹ ਕੌਂਸਲਰਾਂ ਤੇ ਸੂਝਵਾਨ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਨਵੀਂ ਕਮੇਟੀ ਫ਼ਤਹਿਗੜ੍ਹ ਚੂੜੀਆਂ ਦੇ ਲੋਕਾਂ ਦੀਆਂ ਆਸਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਇਸ ਦੌਰਾਨ ਉਨ੍ਹਾਂ ਨਵੀਂ ਬਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਲੰਬੇ ਸਮੇਂ ਤੋਂ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ, ਦੁਕਾਨਾਂ ਅੱਗੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਾ ਹੋ ਰਹੀ ਵੱਡੀ ਟ੍ਰੈਫਿਕ ਸਮੱਸਿਆ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਜੂਝ ਰਹੇ ਸਾਰੇ ਵਾਰਡਾਂ ਦੇ ਲੋਕਾਂ ਦੀ ਸਾਰ ਜਰੂਰ ਲੈਣ।