ਪਠਾਨਕੋਟ, 7 ਮਈ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਪ੍ਰਧਾਨ ਕੁਲਦੀਪ ਮਿਨਹਾਸ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਿਤੀ ਦੇ ਵਾਈਸ ਚੇਅਰਮੈਨ ਸੀ.ਐਸ. ਲਾਇਲਪੁਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਗੁਰਦੇਵ ਸਿੰਘ ਜੌਹਲ ਨੇ ਦੱਸਿਆ ਕਿ ਸਮਿਤੀ ਵਲੋਂ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ 'ਚ ਵੀ ਲਗਾਤਾਰ ਯੋਗਦਾਨ ਦਿੱਤਾ ਜਾ ਰਿਹਾ ਹੈ | ਸਮਿਤੀ ਵਲੋਂ ਅੱਜ 101ਵੀਂ ਲੋੜਵੰਦ ਲੜਕੀ ਦੇ ਵਿਆਹ ਲਈ ਕੱਪੜੇ ਤੇ ਘਰੇਲੂ ਸਾਮਾਨ ਭੇਟ ਕਰਕੇ ਸਹਿਯੋਗ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੁਲਦੀਪ ਮਿਨਹਾਸ ਨੇ ਕਿਹਾ ਕਿ ਸਮਿਤੀ ਸਮੇਂ-ਸਮੇਂ 'ਤੇ ਮੈਡੀਕਲ ਕੈਂਪ, ਲੋੜਵੰਦ ਲੋਕਾਂ ਨੂੰ ਕੱਪੜੇ ਵੰਡਣਾ, ਗਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਤੇ ਲੋੜਵੰਦ ਕੁੜੀਆਂ ਦੇ ਵਿਆਹ ਵਿਚ ਸਹਿਯੋਗ ਵਰਗੇ ਸਮਾਜ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ | ਇਸ ਮੌਕੇ ਪ੍ਰਧਾਨ ਕੁਲਦੀਪ ਮਨਹਾਸ, ਵਾਈਸ ਚੇਅਰਮੈਨ ਸੀਐਸ ਲਾਇਲਪੁਰੀ, ਐਸਡੀ ਭੱਲਾ, ਅਨਮੋਲ ਓਲ, ਗੁਰਦੇਵ ਸਿੰਘ ਜੌਹਲ, ਰਵੀ ਗਾਂਧੀ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਮਨੋਜ ਗੁਪਤਾ, ਅਮਨ ਸਲਾਰੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ |