ਦੀਨਾਨਗਰ, 14 ਅਪ੍ਰੈਲ (ਸ਼ਾਮ ਸਿੰਘ ਘੁੰਮਣ)-ਵਿਦੇਸ਼ ਭੇਜਣ ਦੇ ਨਾਂਅ 'ਤੇ ਦੋ ਨੌਜਵਾਨਾਂ ਕੋਲੋਂ 24 ਲੱਖ ਰੁਪਏ ਠੱਗਣ ਦੇ ਦੋਸ਼ਾਂ ਹੇਠ ਦੀਨਾਨਗਰ ਪੁਲਿਸ ਨੇ ਪਤੀ-ਪਤਨੀ ਸਮੇਤ ਚਾਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭੀਮ ਸਿੰਘ ਪੁੱਤਰ ਰਾਮ ਕਿਸ਼ਨ ਵਾਸੀ ਡੀਡਾ ਸਾਂਸੀਆਂ ਨੇ ਕਿਹਾ ਸੀ ਕਿ ਉਸ ਦੇ ਬੇਟੇ ਗਗਨਦੀਪ ਸੈਣੀ ਅਤੇ ਇਕ ਹੋਰ ਨੌਜਵਾਨ ਅੰਕਿਤ ਸੈਣੀ ਪੁੱਤਰ ਜੰਗ ਬਹਾਦਰ ਵਾਸੀ ਮਰਾੜਾ ਨੂੰ ਵਿਦੇਸ਼ ਭੇਜਣ ਲਈ ਅਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਜਰਨੈਲ ਸਿੰਘ ਪੁੱਤਰ ਮਨਵੀਰ ਸਿੰਘ, ਮਨਵੀਰ ਕੌਰ ਪਤਨੀ ਅਮਨਪ੍ਰੀਤ ਸਿੰਘ ਸਾਰੇ ਵਾਸੀ ਖੁਦਾਵਰ ਥਾਣਾ ਸੁਜਾਨਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਝੇਲਾ ਥਾਣਾ ਤਾਰਾਗੜ੍ਹ ਨੇ ਉਨ੍ਹਾਂ ਦੋਵਾਂ ਕੋਲੋਂ 12 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੁੱਲ 24 ਲੱਖ ਰੁਪਏ ਲਏ ਸਨ, ਪਰ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਨਹੀਂ ਭੇਜਿਆ | ਬਾਅਦ ਵਿਚ ਦੋਵਾਂ ਧਿਰਾਂ ਦਰਮਿਆਨ ਹੋਏ ਇਕ ਰਾਜ਼ੀਨਾਮੇ ਅਨੁਸਾਰ ਕਥਿਤ ਦੋਸ਼ੀਆਂ ਨੇ ਸ਼ਿਕਾਇਤਕਰਤਾ ਨੂੰ 24 ਲੱਖ ਵਿਚੋਂ 14 ਲੱਖ ਰੁਪਏ ਦੇ ਛੇ ਚੈਕ ਦੇ ਦਿੱਤੇ, ਪਰ ਉਹ ਵੀ ਬਾਉਂਸ ਹੋ ਗਏ ਹਨ | ਮਾਮਲੇ ਦੀ ਪੜਤਾਲ ਕਰਨ ਮਗਰੋਂ ਡੀ. ਐੱਸ. ਪੀ. ਦੀਨਾਨਗਰ ਦੇ ਨਿਰਦੇਸ਼ਾਂ ਹੇਠ ਦੀਨਾਨਗਰ ਪੁਲਿਸ ਨੇ ਉਕਤ ਚਾਰ ਮੁਲਜ਼ਮਾਂ ਅਮਨਪ੍ਰੀਤ ਸਿੰਘ ਪੱੁਤਰ ਜਰਨੈਲ ਸਿੰਘ, ਜਰਨੈਲ ਸਿੰਘ ਪੁੱਤਰ ਮਨਵੀਰ ਸਿੰਘ, ਮਨਵੀਰ ਕੌਰ ਪਤਨੀ ਅਮਨਪ੍ਰੀਤ ਸਿੰਘ ਸਾਰੇ ਵਾਸੀ ਖੁਦਾਵਰ ਥਾਣਾ ਸੁਜਾਨਪੁਰ ਅਤੇ ਨਿਸ਼ਾਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਝੇਲਾ ਥਾਣਾ ਤਾਰਾਗੜ੍ਹ ਦੇ ਖ਼ਿਲਾਫ਼ ਮਿਲੀਭੁਗਤ ਕਰਕੇ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ |