ਕਾਹਨੂੰਵਾਨ, 14 ਅਪ੍ਰੈਲ (ਜਸਪਾਲ ਸਿੰਘ ਸੰਧੂ)-ਕਸਬਾ ਕਾਹਨੂੰਵਾਨ ਦੇ ਨਜ਼ਦੀਕ ਪੈਂਦੇ ਪਿੰਡ ਲਾਧੂਪੁਰ ਵਿਚ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਰੰਭਤਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹੋਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸੰਗਤਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ | ਇਸ ਮੌਕੇ ਸ਼ਰਧਾਲੂਆਂ ਵਲੋਂ ਗੁਰਬਾਣੀ ਦਾ ਜਸ ਗਾਇਨ ਕੀਤਾ ਗਿਆ | ਨਗਰ ਕੀਰਤਨ ਦੇ ਰਸਤੇ ਨੂੰ ਸੰਗਤਾਂ ਵਲੋਂ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ | ਥਾਂ-ਥਾਂ ਸ਼ਰਧਾਲੂਆਂ ਵਲੋਂ ਸੰਗਤਾਂ ਦੀ ਚਾਹ-ਪਕੌੜਿਆਂ ਅਤੇ ਫ਼ਲਾਂ ਆਦਿ ਨਾਲ ਸੇਵਾ ਕੀਤੀ ਗਈ | ਅੰਤ ਇਹ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਆਪਣੇ ਨਿੱਜੀ ਸਥਾਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋ ਗਿਆ |