ਨਰੋਟ ਮਹਿਰਾ, 1 ਅਪ੍ਰੈਲ (ਰਾਜ ਕੁਮਾਰੀ)- ਅੱਜ ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਆਰਥਿਕ ਰਾਹਤ ਮੁਹੱਈਆ ਕਰਵਾਉਣ ਲਈ ਜਸਵਾਲੀ ਰੈਸਟ ਹਾਊਸ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਲਗਪਗ 190 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕੁੱਲ 1 ਕਰੋੜ 81 ਲੱਖ ਰੁਪਏ ਦੇ ਮੁਆਵਜ਼ੇ ਦੇ ਚੈੱਕ ਵੰਡੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਿਤਿਨ ਠਾਕੁਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਰਵੀ ਸਿੰਘ, ਸਰਪੰਚ ਬਮਿਆਲ ਮੁਨੀਸ਼ ਗੁਪਤਾ, ਬਲਾਕ ਸੰਮਤੀ ਬਮਿਆਲ ਚੇਅਰਮੈਨ ਧਰਮਪਾਲ, ਸਰਪੰਚ ਕਰਨਜੀਤ ਡੇਰਾ ਬਾਬਾ ਬਸੰਤ ਪੂਰੀ, ਜ਼ਿਲ੍ਹਾ ਮਾਲ ਅਫਸਰ ਸੰਜੀਵ ਪਠਾਨੀਆ, ਨਾਇਬ ਤਹਿਸੀਲਦਾਰ ਜਸਕਰਨ ਸਿੰਘ, ਸਰਪੰਚ ਰਾਜੀਵ ਲਾਹੜੀ ਬਾਵਿਆਂ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ | ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਕਾਰਨ ਨੁਕਸਾਨ ਝੱਲਣ ਵਾਲੇ ਹਰ ਪਰਿਵਾਰ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਹੈ ਜਿਨ੍ਹਾਂ ਪਰਿਵਾਰਾਂ ਦੇ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ ਜਿਨ੍ਹਾਂ ਦੇ ਅੱਧ-ਨੁਕਸਾਨੇ ਹੋਏ ਸਨ, ਦੋਵਾਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੁਝ ਪਰਿਵਾਰਾਂ ਨੂੰ ਪਹਿਲਾਂ ਤਕਨੀਕੀ ਖਾਮੀਆਂ ਜਿਵੇਂ ਆਧਾਰ ਕਾਰਡ ਜਾਂ ਬੈਂਕ ਖਾਤਿਆਂ ਵਿਚ ਗਲਤੀਆਂ ਕਾਰਨ ਰਕਮ ਨਹੀਂ ਮਿਲ ਸਕੀ ਸੀ ਪਰ ਹੁਣ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਕੇ ਅੱਜ ਉਨ੍ਹਾਂ ਨੂੰ ਵੀ ਚੈੱਕ ਸੌਂਪੇ ਗਏ ਹਨ | ਸਮਾਗਮ ਦੌਰਾਨ ਸਥਾਨਕ ਅਧਿਕਾਰੀਆਂ ਤੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਮੌਜੂਦ ਰਹੇ |