21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 02-04-2026
ਕਾਹਨੂੰਵਾਨ, 1 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਘਰੇਲੂ ਗੈਸ ਸਿਲੰਡਰਾਂ ਦੇ ਪੈਦਾ ਹੋਏ ਸੰਕਟ ਦਾ ਹੱਲ ਨਹੀਂ ਹੋ ਰਿਹਾ ਬਲਕਿ ਗੈਸ ਉਪਭੋਗਤਾਵਾਂ ਨੂੰ ਗੈਸ ਦੀ ਪੂਰਤੀ ਲਈ ਤੜਕਸਾਰ ਤੋਂ ਗੈਸ ਏਜੰਸੀਆਂ ਦੇ ਅੱਗੇ ਘੰਟਿਆਂਬੱਧੀ ਲਾਇਨਾਂ ਲੱਗ ਕੇ ਖੜਾ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹੇ ਅੰਦਰ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਖਪਤਕਾਰਾਂ ਨੂੰ ਆਨਲਾਈਨ ਬੁਕਿੰਗ ਹੋਣ ਤੋਂ 10 ਤੋਂ ਲੈ ਕੇ 15 ਦਿਨ ਤੱਕ ਗੈਸ ਸਿਲੰਡਰ ਨਹੀਂ ਮਿਲ ਰਿਹਾ ਹੈ | ਇਸ ਕਰ ਕੇ ਗੈਸ ਖ਼ਪਤਕਾਰ ਗੈਸ ਏਜੰਸੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਪ੍ਰਦਰਸ਼ਨ ਕਰ ਲਈ ਮਜਬੂਰ ਹੋ ਰਹੇ ਹਨ | ਅੱਜ ਜਦੋਂ ਵੱਡੀ ਗਿਣਤੀ ਵਿਚ ਗੈਸ ਖਪਤਕਾਰ ਕਾਹਨੂੰਵਾਨ ਦੀ ਗੈਸ ਏਜੰਸੀ ਦੇ ਗੋਦਾਮ ਤੋਂ ਗੈਸ ਸਿਲੰਡਰ ਲੈਣ ਲਈ ਆਏ ਤਾਂ ਏਜੰਸੀ ਮਾਲਕਾਂ ਵਲੋਂ ਕਿਸੇ ਵੀ ਗੈਸ ਖਪਤਕਾਰ ਨੂੰ ਗੈਸ ਸਿਲੰਡਰ ਨਹੀਂ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਖਪਤਕਾਰਾਂ ਵਲੋਂ ਗੈਸ ਏਜੰਸੀ ਮਾਲਕਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪਿੰਡ ਚੱਕ ਯਾਕੂਬ ਵਾਸੀ ਦੀਪਕ ਨੇ ਦੱਸਿਆ ਕਿ ਉਸ ਦੇ ਗੈਸ ਸਿਲੰਡਰ ਦੀ ਬੁਕਿੰਗ 28 ਦਿਨ ਬਾਅਦ ਕੋਈ ਹੈ ਜਿਸ ਤੋਂ ਬਾਅਦ ਉਸ ਨੂੰ ਮਿਲੇ ਡੀ.ਏ.ਸੀ. ਨੰਬਰ ਦੇ ਆਧਾਰ 'ਤੇ ਉਹ ਅੱਜ ਗੈਸ ਏਜੰਸੀ ਦੇ ਚੱਕ ਸ਼ਰੀਫ ਰੋਡ 'ਤੇ ਸਥਿਤ ਗੋਦਾਮ ਤੋਂ ਗੈਸ ਸਿਲੰਡਰ ਲੈਣ ਲਈ ਗਿਆ ਤਾਂ ਗੈਸ ਏਜੰਸੀ ਗੋਦਾਮ ਨੂੰ ਤਾਲਾ ਲੱਗਾ ਹੋਇਆ ਹੈ | ਇਸੇ ਹੀ ਤਰ੍ਹਾਂ ਪਰਮਜੀਤ ਕੌਰ ਵਾਸੀ ਨੈਣੇਕੋਟ ਨੇ ਦੱਸਿਆ ਕਿ ਉਸ ਦਾ ਪਤੀ ਅਪਾਹਜ ਹੈ, ਜਿਸ ਕਰ ਕੇ ਉਹ ਆਪਣਾ ਘਰੇਲੂ ਗੈਸ ਸਿਲੰਡਰ ਲੈਣ ਲਈ ਏਜੰਸੀ ਦੇ ਗੋਦਾਮ 'ਤੇ ਆਈ ਹੈ ਪਰ ਏਜੰਸੀ ਦੇ ਗੋਦਾਮ ਨੂੰ ਤਾਲਾ ਲੱਗਾ ਹੋਇਆ ਹੈ, ਜਿਸ ਕਰ ਕੇ ਉਸ ਨੂੰ ਖਾਲੀ ਸਿਲੰਡਰ ਲੈ ਕੇ ਘਰ ਪਰਤਣਾ ਪਵੇਗਾ | ਇਸ ਸਬੰਧੀ ਜਦੋਂ ਏਜੰਸੀ ਮਾਲਕ ਲੱਕੀ ਕਾਲੜਾ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਦੱਸਿਆ ਕਿ ਏਜੰਸੀ ਦਾ ਸਰਵਰ ਡਾਊਨ ਹੋਣ ਕਾਰਨ ਇਹ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਜਦੋਂ ਵੀ ਸਰਵਰ ਕੰਮ ਕਰਨ ਲੱਗ ਪਵੇਗਾ ਤਾਂ ਸਾਰੇ ਖਪਤਕਾਰਾਂ ਨੂੰ ਗੈਸ ਸਿਲੰਡਰ ਦੇ ਦਿੱਤੇ ਜਾਣਗੇ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਵਿਖੇ 4 ਅਪ੍ਰੈਲ ਨੂੰ ਲੱਗੇਗਾ ਰੁਜ਼ਗਾਰ ਮੇਲਾ- ਜ਼ਿਲ੍ਹਾ ਰੁਜ਼ਗਾਰ ਅਫ਼ਸਰ ਅਗਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦਾ 5ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।