ਦੀਨਾਨਗਰ 1 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)-ਗੋਬਿੰਦ ਪਬਲਿਕ ਸਕੂਲ ਵਿਖੇ ਰਾਸ਼ਟਰੀ ਪਾਠਕ੍ਰਮ ਢਾਂਚਾ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਸੀ.ਬੀ.ਐਸ.ਈ ਦੇ ਮਾਰਗ ਦਰਸ਼ਨ ਅਤੇ ਨਿਰਦੇਸ਼ਾਂ ਹੇਠ ਲਗਾਈ ਵਰਕਸ਼ਾਪ ਦੀ ਪ੍ਰਧਾਨਗੀ ਪਿ੍ੰਸੀਪਲ, ਸੋਨਿਕਾ ਸ਼ਰਮਾ ਨੇ ਕੀਤੀ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਤਹਿਤ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਂ ਸਿੱਖਿਆ ਪ੍ਰਣਾਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ | ਵਰਕਸ਼ਾਪ ਦਾ ਆਰੰਭ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸੰਧੂ, ਮੈਨੇਜਰ ਸੋਨੀ ਸੰਧੂ ਅਤੇ ਸਕੱਤਰ ਸੰਦੀਪ ਸਿੰਘ ਸੰਧੂ ਵਲੋਂ ਸਵਾਗਤੀ ਭਾਸ਼ਣ ਨਾਲ ਹੋਇਆ | ਇਸ ਦੌਰਾਨ ਸੀ.ਬੀ.ਐਸ.ਈ ਸਕੂਲਾਂ ਦੇ ਅਧਿਆਪਕਾਂ ਨੂੰ ਆਧੁਨਿਕ ਅਤੇ ਮਨੋਵਿਗਿਆਨਕ ਸਿੱਖਿਆ ਵਿਧੀਆਂ ਦੀ ਜਾਣਕਾਰੀ ਦਿੱਤੀ ਗਈ | ਵੱਖ-ਵੱਖ ਬੁਲਾਰਿਆਂ ਨੇ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਕਲਾਸ-ਰੂਮ 'ਚ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਗਿਆਨ ਪ੍ਰਦਾਨ ਕਰਨ ਦੇ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਮਨੁੱਖੀ ਕਦਰਾਂ-ਕੀਮਤਾਂ ਭਾਵਨਾ ਪੈਦਾ ਕਰਨ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ | ਵਰਕਸ਼ਾਪ ਦੌਰਾਨ ਸਿੱਖਿਆ ਖੇਤਰ ਦੀਆਂ ਦੋ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਦਸਮੇਸ਼ ਨਰਸਰੀ ਸਕੂਲ ਮੁਕੇਰੀਆਂ ਦੇ ਪਿ੍ੰਸੀਪਲ ਐਸ.ਐਸ ਗੁਰਮੀਤ ਕੌਰ ਗਿੱਲ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਦਾਸਪੁਰ ਦੇ ਪਿ੍ੰਸੀਪਲ ਡਾ: ਸ਼ਿਵਾਨੀ ਸਿੰਘ ਸ਼ਾਮਿਲ ਸਨ | ਪਿ੍ੰਸੀਪਲ ਗੁਰਮੀਤ ਕੌਰ ਗਿੱਲ ਨੇ ਕਿਹਾ ਕਿ ਰਾਸ਼ਟਰੀ ਪਾਠਕ੍ਰਮ ਢਾਂਚੇ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ, ਉਸ ਨੂੰ ਗਤੀਵਿਧੀ ਅਧਾਰਿਤ ਅਤੇ ਅਨੁਭਾਵਨਕ ਬਣਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਸਿੱਖਣ 'ਚ ਰੁਚੀ ਲੈਣ ਤੇ ਵਿਸ਼ਿਆਂ ਨੂੰ ਵਧੀਆ ਢੰਗ ਨਾਲ ਸਮਝ ਸਕਣ | ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਕਲਾਸ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਸਬੰਧੀ ਪ੍ਰੇਰਿਤ ਕਰਨ ਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਸੋਚਣ ਲਈ ਸਮਾਂ ਦੇਣ, ਇਸ ਨਾਲ ਵਿਦਿਆਰਥੀਆਂ ਦਾ ਰਚਨਾਤਮਿਕ ਅਤੇ ਉਨ੍ਹਾਂ ਦੀ ਤਰਕ ਸ਼ਕਤੀ ਦਾ ਵਿਕਾਸ ਹੋਵੇਗਾ | ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਦੀ ਵਿਅਕਤੀਗਤ ਭਾਵਨਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ਅਨੁਸਾਰ ਸਿੱਖਿਅਤ ਕਰਨ ਦੀ ਨੀਤੀ ਨੂੰ ਅਪਣਾਉਣ ਲਈ ਕਿਹਾ | ਅੰਤ ਪਿ੍ੰਸੀਪਲ ਸੋਨਿਕਾ ਸ਼ਰਮਾ ਨੇ ਆਏ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ |