ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਲੇਬਰ ਕੋਡਾਂ ਖ਼ਿਲਾਫ਼ ਬਿਜਲੀ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ
ਅਜੀਤ ਡੈਸਕ
02-04-2026
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ)-ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਪੰਜਾਬ ਦੀਆਂ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਅੱਜ ਦੇ ਦਿਨ ਨੂੰ ਚਾਰ ਲੇਬਰ ਕੋਡਾਂ ਦੇ ਵਿਰੋਧ ਵਿਚ ਕਾਲਾ ਦਿਵਸ ਐਲਾਨਦਿਆਂ ਸੰਘਰਸ਼ ਦਿਵਸ ਵਜੋਂ ਮਨਾਇਆ ਗਿਆ | ਜਥੇਬੰਦੀਆਂ ਵਲੋਂ ਪਹਿਲਾਂ ਗੁਰੂ ਨਾਨਕ ਪਾਰਕ ਤੋਂ ਡਾਕਖ਼ਾਨਾ ਚੌਕ ਤੱਕ ਰੋਸ ਮਾਰਚ ਕੀਤਾ ਗਿਆ | ਉਪਰੰਤ ਡਾਕਖ਼ਾਨਾ ਚੌਕ 'ਚ ਚਾਰ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ | ਪੱਕੀ ਨੌਕਰੀ ਦੀ ਥਾਂ ਫਿਕਸਡ ਟਰਮ ਇੰਪਲਾਇਮੈਂਟ ਲਾਗੂ ਹੋਵੇਗਾ, ਨੌਕਰੀ ਦੀ ਸੁਰੱਖਿਆ ਖ਼ਤਮ ਹੋ ਜਾਵੇਗੀ, ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ 12 ਘੰਟੇ ਦੀ ਦਿਹਾੜੀ ਹੋਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਡਾਂ ਰਾਹੀਂ ਗ਼ਰੀਬੀ ਰੇਖਾ ਤੋਂ ਹੇਠਾਂ ਇਕ ਰਾਸ਼ਟਰੀ ਫਲੋਰ ਘੱਟੋ-ਘੱਟ ਮਜ਼ਦੂਰੀ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਨਾਲ ਅਸਲ ਘੱਟੋ-ਘੱਟ ਮਜ਼ਦੂਰੀ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਹੱਕਾਂ ਤੋਂ ਵੰਚਿਤ ਕੀਤਾ ਜਾ ਰਿਹਾ ਹੈ | ਅੱਜ ਦੀ ਰੈਲੀ ਵਿਚ ਜੋਗਿੰਦਰ ਪਾਲ ਪਨਿਆੜ, ਜਸਵੰਤ ਸਿੰਘ ਬੁੱਟਰ, ਵਿਜੇ ਕੁਮਾਰ ਸੋਹਲ, ਸੰਜੀਵ ਸ਼ਰਮਾ, ਬਲਵੀਰ ਸਿੰਘ ਮੱਲ੍ਹੀ, ਧਿਆਨ ਸਿੰਘ ਠਾਕੁਰ, ਮੇਜਰ ਸਿੰਘ ਕੋਟ ਟੋਡਰਮੱਲ, ਦਲਬੀਰ ਸਿੰਘ, ਸਤਬੀਰ ਸਿੰਘ ਸੁਲਤਾਨੀ, ਅਸ਼ਵਨੀ ਲਖਨ ਕਲਾਂ, ਲਖਬੀਰ ਸਿੰਘ ਮੰਜਿਆਂਵਾਲੀ, ਸੁਰਿੰਦਰ ਕੁਮਾਰ ਸ਼ਰਮਾ, ਸੰਜੀਵ ਸੈਣੀ, ਤਰਲੋਕ ਸਿੰਘ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਰਾਜ ਕੁਮਾਰ ਪੰਡੋਰੀ, ਹਰਚਰਨ ਸਿੰਘ ਔਜਲਾ, ਰਾਜ ਕੁਮਾਰ ਆਟੋ ਯੂਨੀਅਨ, ਅਵਿਨਾਸ਼ ਸਿੰਘ, ਹਰਚਰਨ ਸਿੰਘ ਤੇ ਜਗਜੀਤ ਸਿੰਘ ਆਦਿ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ |
ਕਾਦੀਆਂ, (ਕੁਲਵਿੰਦਰ ਸਿੰਘ)- ਪਾਵਰਕਾਮ ਉਪ ਮੰਡਲ ਕਾਦੀਆਂ ਦੇ ਬਿਜਲੀ ਕਾਮਿਆਂ ਵਲੋਂ ਅੱਜ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਕਾਲੇ ਬਿੱਲੇ ਲਾ ਕੇ ਕਾਲਾ ਦਿਨ ਮਨਾਇਆ ਗਿਆ | ਕਰਮਚਾਰੀਆਂ ਨੇ ਵਿਭਾਗੀ ਦਫਤਰਾਂ 'ਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ | ਪ੍ਰਦਰਸਨ ਦੀ ਅਗਵਾਈ ਟੈਕਨੀਕਲ ਸਰਵਿਸਿਜ ਯੂਨੀਅਨ
ਸਬ-ਡਵੀਜ਼ਨ ਕਾਦੀਆਂ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਹਰਪ੍ਰੀਤ ਸਿੰਘ, ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ ਤੇ ਐਮ.ਯੂ.ਓ. ਦੇ ਜਸਬੀਰ ਸਿੰਘ ਕੋਟ ਵਲੋਂ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਚਾਰ ਲੇਬਰ ਕੋਡ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਹਨ ਤੇ ਇਹ ਮਜ਼ਦੂਰ ਵਰਗ ਦੇ ਮੂਲ ਅਧਿਕਾਰਾਂ ਨੂੰ ਖਤਮ ਕਰਨ ਵੱਲ ਇਕ ਵੱਡਾ ਕਦਮ ਹਨ | ਇਸ ਮੌਕੇ ਜਗਤਾਰ ਸਿੰਘ ਖੁੰਡਾ, ਹਰਦੀਪ ਸਿੰਘ ਸੇਖੋਂ, ਮਨਦੀਪ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ ਸਿੱਧਵਾਂ ਸਮੇਤ ਕਈ ਹੋਰ ਬਿਜਲੀ ਕਰਮਚਾਰੀ ਤੇ ਯੂਨੀਅਨ ਮੈਂਬਰ ਵੱਡੀ ਗਿਣਤੀ 'ਚ ਮੌਜੂਦ ਸਨ ਜਿਨ੍ਹਾਂ ਨੇ ਇਕਸੁਰ ਹੋ ਕੇ ਮਜਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ |