ਗੁਰਦਾਸਪੁਰ, 29 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪਿੰਡ ਚਾਵਾ ਸਥਿਤ ਪੈਟਰੋਲ ਪੰਪ ਤੋਂ ਕਾਰ ਚਾਲਕ ਵਲੋਂ ਬਿਨ੍ਹਾਂ ਪੈਸੇ ਦਿੱਤੇ ਤੇਲ ਪਵਾ ਕੇ ਰਫੂ ਚੱਕਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਗੁਰਸਾਗਰ ਸਿੰਘ ਤੇ ਹੋਰ ਕਰਿੰਦਿਆਂ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਇਕ ਗੱਡੀ ਤੇਲ ਪਵਾਉਣ ਲਈ ਆਈ, ਜਿਸ 'ਚ ਇਕ ਕਿੰਨਰ ਤੇ ਇਕ ਡਰਾਈਵਰ ਬੈਠਾ ਸੀ | ਉਨ੍ਹਾਂ ਦੱਸਿਆ ਕਿ ਗੱਡੀ ਚਾਲਕ ਵਲੋਂ ਗੱਡੀ ਵਿਚ 2000 ਦਾ ਤੇਲ ਪਵਾਇਆ ਅਤੇ ਤੇਲ ਪਵਾਉਣ ਤੋਂ ਬਾਅਦ ਗੱਡੀ ਚਾਲਕ ਵਲੋਂ ਪੈਸਿਆਂ ਦੀ ਅਦਾਇਗੀ ਆਨਲਾਈਨ ਕਰਨ ਲਈ ਕਿਹਾ | ਜਦੋਂ ਉਹ ਆਨਲਾਈਨ ਅਦਾਇਗੀ ਲਈ ਸਕੈਨਰ ਦੇਣ ਲੱਗਾ ਤਾਂ ਗੱਡੀ ਚਾਲਕ ਤੇਜ਼ੀ ਨਾਲ ਗੱਡੀ ਭਜਾ ਕੇ ਉੱਥੋਂ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਹੈ | ਉਨ੍ਹਾਂ ਦੱਸਿਆ ਕਿ ਗੱਡੀ ਦੀ ਨੰਬਰ ਪਲੇਟ 'ਤੇ ਐਚ.ਆਰ 26.ਬੀ.ਐਕਸ.1478 ਨੰਬਰ ਲਿਖਿਆ ਸੀ | ਉਨ੍ਹਾਂ ਇਸ ਦੀ ਸੁਚਨਾ ਥਾਣਾ ਸ਼ਾਲਾ ਪੁਲਿਸ ਨੰੂ ਕਰ ਦਿੱਤੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਅਜਿਹੇ ਗੱਡੀ ਚਾਲਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ |