ਤਿੱਬੜ, 21 ਜਨਵਰੀ (ਸੋਹਨ ਮਲਿਕ)-ਪਿੰਡ ਤਿੱਬੜ 'ਚ ਘਰਾਂ ਦਾ ਕੂੜਾ ਕਰਕਟ ਸੁੱਟਣ ਲਈ ਅਲਾਟ ਹੋਏ ਗੜੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾ ਛੱਡਵਾਇਆ ਹੈ | ਇਸ ਸਬੰਧ 'ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਨੇ ਆਪਣੇ ਪੱਤਰ ਨੰਬਰ 485/ਡੀ.ਏ. ਤਹਿਤ ਹੁਕਮ ਜਾਰੀ ਕੀਤੇ ਸਨ | ਦੱਸਣਯੋਗ ਹੈ ਕਿ ਪਿੰਡ ਤਿੱਬੜ ਦੀ ਪੰਚਾਇਤ ਨੇ ਖ਼ਸਰਾ ਨੰਬਰ 38/19 ਵਿਚੋਂ 2 ਮਰਲੇ ਦਾ ਗੜਾ ਡੇਵਿਡ ਪੁੱਤਰ ਚੂਨੀ ਮਸੀਹ ਨੰੂ ਅਲਾਟ ਕੀਤਾ ਹੋਇਆ ਸੀ | ਪਰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਉੱਥੇ ਕੰਧ ਕੱਢ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ | ਜਿਸ ਦੀ ਹਲਕਾ ਪਟਵਾਰੀ, ਗਿਰਦਾਵਰ ਅਤੇ ਨਾਇਬ ਤਹਿਸੀਲਦਾਰ ਨੇ ਮੌਕਾ ਦੇਖ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ ਕਿ ਨਜਾਇਜ਼ ਕਬਜ਼ਾ ਹੋਇਆ ਹੈ | ਜਿਸ 'ਤੇ ਉੱਚ ਅਧਿਕਾਰੀ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਲਗਾ ਕੇ ਨਾਜਾਇਜ਼ ਕਬਜ਼ਾ ਛੱਡਵਾ ਕੇ ਅਸਲ ਮਾਲਕਾਂ ਨੂੰ ਕਾਬਜ਼ ਕਰਵਾਇਆ |