ਗੁਰਦਾਸਪੁਰ, 21 ਜਨਵਰੀ (ਚੱਕਰਾਜਾ)-ਆਲ ਮਿਉਂਸੀਪਲ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਵਲੋਂ ਮੰਗਾਂ ਨੰੂ ਲੈ ਕੇ ਜ਼ਿਲ੍ਹਾ ਪ੍ਰਧਾਨ ਰਮੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਨੰੂ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਤੋਂ ਏ.ਡੀ.ਸੀ ਨੰੂ ਜਾਣੂ ਕਰਵਾਇਆ | ਉਨ੍ਹਾਂ ਮੰਗ ਕਰਦਿਆਂ ਮਿਉਂਸੀਪਲ ਪੈਨਸ਼ਨਰਾਂ ਦੀਆਂ ਦੇਣਦਾਰੀਆਂ ਦਾ ਭੁਗਤਾਨ ਤੁਰੰਤ ਕਰਨ ਲਈ ਸਬੰਧਿਤ ਜ਼ਿਲ੍ਹਾ ਗੁਰਦਾਸਪੁਰ ਦੀਆਂ 7 ਨਗਰ ਕੌਂਸਲਾਂ ਦੇ ਸਮੂਹ ਕਾਰਜਸਾਧਕ ਅਫ਼ਸਰਾਂ ਨੰੂ ਸਖਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ 7 ਮਹੀਨੇ ਪਹਿਲਾਂ ਵੀ ਏ.ਡੀ.ਸੀ ਵਲੋਂ ਨਗਰ ਕੌਂਸਲਾਂ ਦੇ ਸਮੂਹ ਕਾਰਜਸਾਧਕ ਅਫ਼ਸਰਾਂ ਨੰੂ 18 ਜੂਨ 2025 ਅਤੇ 11 ਅਗਸਤ 2025 ਨੰੂ ਹੁਕਮ ਜਾਰੀ ਕੀਤੇ ਸਨ | ਪਰ ਪੈਨਸ਼ਨਰਾਂ ਦੇ ਰਹਿੰਦੇ ਬਕਾਏ ਅਜੇ ਤੱਕ ਨਹੀਂ ਦਿੱਤੇ ਗਏ | ਜਿਸ 'ਤੇ ਵਧੀਕ ਡਿਪਟੀ ਕਮਿਸ਼ਨਰ ਨੇ ਜਥੇਬੰਦੀ ਨੰੂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਦੇਣਦਾਰੀਆਂ ਦਾ ਭੁਗਤਾਨ ਕਰਨ ਲਈ ਸਮੂਹ ਕਾਰਜਸਾਧਕ ਅਫ਼ਸਰਾਂ ਨੰੂ ਤੁਰੰਤ ਹਦਾਇਤਾਂ ਕੀਤੀਆਂ ਜਾਣਗੀਆਂ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ, ਕਾਦੀਆਂ ਤੋਂ ਸਤਪਾਲ, ਧਾਰੀਵਾਲ ਤੋਂ ਸਲਾਮਤ ਮਸੀਹ ਅਤੇ ਗੁਰਦਾਸਪੁਰ ਤੋਂ ਰਵਿੰਦਰ ਮਹਾਜਨ ਹਾਜ਼ਰ ਸਨ |