ਕਲਾਨੌਰ, 21 ਜਨਵਰੀ (ਪੁਰੇਵਾਲ)-ਨੇੜਲੇ ਪਿੰਡ ਸ਼ਹੂਰ ਵਾਸੀ ਨੌਜਵਾਨ 'ਤੇ ਗੰਨਾ ਮਿੱਲ 'ਚੋਂ ਪਰਤਣ ਸਮੇਂ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਦਿਆਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਇਸ ਦੌਰਾਨ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ | ਸਰਪੰਚ ਮੰਗਲ ਸਿੰਘ ਵਾਸੀ ਸ਼ਹੂਰ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਦਾ ਬੇਟਾ ਦਿਲਪ੍ਰੀਤ ਸਿੰਘ (22) ਵੀ ਖੇਤੀਬਾੜੀ 'ਚ ਮਿਹਨਤ ਕਰਦਾ ਆ ਰਿਹਾ ਹੈ | ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਮਾਦ ਦੀ ਖੇਤੀ ਕੀਤੀ ਸੀ ਤੇ ਬੇਟਾ ਗੰਨਾ ਮਿੱਲ 'ਚ ਗੰਨਾ ਲੈ ਕੇ ਅਕਸਰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਦਿਲਪ੍ਰੀਤ ਸਿੰਘ ਗੰਨਾ ਮਿੱਲ 'ਚ ਟਰਾਲੀ ਲੈ ਕੇ ਗਿਆ ਸੀ ਤੇ 15 ਜਨਵਰੀ ਨੂੰ ਟਰਾਲੀ ਮਿੱਲ 'ਚ ਲਗਾ ਕੇ ਵਾਪਸ ਪਰਤ ਰਿਹਾ ਸੀ ਤਾਂ ਗੁਰਦਾਸਪੁਰ ਬੱਸ ਅੱਡੇ ਨੇੜੇ ਉਸ 'ਤੇ ਅਣਪਛਾਤਿਆਂ ਵਲੋਂ ਹਮਲਾ ਕਰ ਦਿੱਤਾ | ਇਸ ਦੌਰਾਨ ਉਸ ਦੀਆਂ ਲੱਤਾਂ ਸਮੇਤ ਸਰੀਰ ਦੇ ਹੋਰਨਾਂ ਅੰਗਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਤੁਰੰਤ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ | ਸਰਪੰਚ ਮੰਗਲ ਸਿੰਘ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ | ਉਧਰ ਇਸ ਮਾਮਲੇ ਬਾਬਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਰਪੰਚ ਮੰਗਲ ਸਿੰਘ ਦੇ ਸਪੁੱਤਰ ਦਿਲਪ੍ਰੀਤ ਸਿੰਘ ਦਾ ਹਸਪਤਾਲ 'ਚ ਪਹੁੰਚ ਕੇ ਹਾਲ ਜਾਣਿਆ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਦਿਲਪ੍ਰੀਤ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਜਲਦ ਪੁਲਿਸ ਗਿ੍ਫ਼ਤ 'ਚ ਹੋਣਗੇ |