ਪਟਿਆਲਾ ’ਚ ਏਅਰ ਰੇਡ ਬਲੈਕਆਊਟ ਮੌਕ ਡਰਿੱਲ ਕਰਵਾਈ
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਖੇ ਸਿਵਲ ਡਿਫੈਂਸ ਵਿਭਾਗ ਵਲੋਂ ਏਅਰ ਰੇਡ ਅਤੇ ਬਲੈਕਆਊਟ ਸੰਬੰਧੀ ਮੌਕ ਡਰਿੱਲ ਕਰਵਾਈ ਗਈ। ਪਟਿਆਲਾ ਜ਼ਿਲ੍ਹੇ ਵਿਚ ਇਹ ਅਭਿਆਸ ਸਿਵਲ ਡਿਫੈਂਸ ਦੀ ਤਿਆਰੀ, ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਐਮਰਜੈਂਸੀ ਹਾਲਾਤ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਖੇ ਸਿਵਲ ਡਿਫੈਂਸ ਵਿਭਾਗ ਵਲੋਂ ਏਅਰ ਰੇਡ ਅਤੇ ਬਲੈਕਆਊਟ ਸੰਬੰਧੀ ਮੌਕ ਡਰਿੱਲ ਕਰਵਾਈ ਗਈ। ਪਟਿਆਲਾ ਜ਼ਿਲ੍ਹੇ ਵਿਚ ਇਹ ਅਭਿਆਸ ਸਿਵਲ ਡਿਫੈਂਸ ਦੀ ਤਿਆਰੀ, ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਐਮਰਜੈਂਸੀ ਹਾਲਾਤ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਇਹ ਮੌਕ ਡਰਿੱਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਡਿਫੈਂਸ ਦੇ ਐਡੀਸ਼ਨਲ ਕੰਟਰੋਲਰ ਗਗਨਪ੍ਰੀਤ ਸਿੰਘ ਢਿੱਲੋਂ, ਨੋਡਲ ਅਫ਼ਸਰ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਸਿਵਲ ਡਿਫੈਂਸ ਸ੍ਰੀ ਕੇ.ਐਸ. ਸੇਖੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਡੀ.ਸੀ.ਡਬਲਯੂ. ਪੁਲ ਦੇ ਹੇਠਾਂ ਕਰਵਾਈ ਗਈ। ਮੌਕ ਡਰਿੱਲ ਦੀ ਸ਼ੁਰੂਆਤ ਸਾਇਰਨ ਵਜਾਉਣ ਨਾਲ ਹੋਈ, ਜਿਸ ਤੋਂ ਬਾਅਦ ਬਿਜਲੀ ਵਿਭਾਗ ਵਲੋਂ ਤੁਰੰਤ ਨਿਰਧਾਰਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਕੇ ਬਲੈਕਆਊਟ ਕੀਤਾ ਗਿਆ। ਕਰੀਬ 10 ਮਿੰਟ ਦੇ ਬਲੈਕਆਊਟ ਤੋਂ ਬਾਅਦ ਮੌਕ ਡਰਿੱਲ ਵਾਲੀ ਥਾਂ ‘ਤੇ ਸੰਭਾਵੀ ਆਫ਼ਤ ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਕਾਰਵਾਈਆਂ ਦਾ ਅਭਿਆਸ ਕੀਤਾ ਗਿਆ। ਇਸ ਦੌਰਾਨ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਨੂੰ ਨਿਯੰਤਰਿਤ ਕਰਨ ਸਮੇਤ ਹੋਰ ਐਮਰਜੈਂਸੀ ਪ੍ਰਬੰਧਾਂ ਦਾ ਅਭਿਆਸ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਕਾਰਜਪ੍ਰਣਾਲੀ ਦਾ ਪ੍ਰਦਰਸ਼ਨ ਕੀਤਾ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਵਲ ਸਰਜਨ ਪਟਿਆਲਾ ਵਲੋਂ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਵਿਖੇ ਆਰਜ਼ੀ ਵਾਰਡ ਵੀ ਤਿਆਰ ਕੀਤਾ ਗਿਆ। ਇਸ ਕਾਰਵਾਈ ਦੌਰਾਨ ਰੈੱਡ ਕਰਾਸ ਅਤੇ 108 ਐਂਬੂਲੈਂਸ ਸੇਵਾ ਦੀ ਵੀ ਵਰਤੋਂ ਕੀਤੀ ਗਈ, ਤਾਂ ਜੋ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਅਤੇ ਹਸਪਤਾਲ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਦਾ ਅਭਿਆਸ ਕੀਤਾ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਪੂਰੀ ਮੌਕ ਡਰਿੱਲ ਦੌਰਾਨ ਆਮ ਲੋਕਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਸੰਭਾਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਰੱਖਣ ਅਤੇ ਸਿਵਲ ਡਿਫੈਂਸ ਦੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਕੇ ਐਮਰਜੈਂਸੀ ਦੌਰਾਨ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਜਾਨ ਦੀ ਰੱਖਿਆ ਕਰਨ ਸੰਬੰਧੀ ਜ਼ਰੂਰੀ ਜਾਣਕਾਰੀ ਅਤੇ ਸਿਖਲਾਈ ਹਾਸਲ ਕਰਨ। ਇਸ ਅਭਿਆਸ ਵਿਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਰੈੱਡ ਕਰਾਸ, ਡੀ.ਸੀ.ਡਬਲਯੂ., ਐਨ.ਸੀ.ਸੀ., ਐਨ.ਐਸ.ਐਸ., ਪੀ.ਐਸ.ਪੀ.ਸੀ.ਐਲ. ਅਤੇ ਪੰਜਾਬ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।