ਝੋਨੇ ਦੇ ਖ਼ਰੀਦ ਕੇਂਦਰ ਬੰਦ ਕਰਨ ਦਾ ਫ਼ੈਸਲਾ ਕਿਸਾਨਾਂ ਨਾਲ ਕੋਝਾ ਮਜ਼ਾਕ-ਰਾਜੂ ਖੰਨਾ
ਅਮਲੋਹ, 14 ਨਵੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮਲੋਹ ਹਲਕੇ ਦੇ ਰੰਘੇੜੀ ਕਲਾਂ, ਰਾਮਗੜ੍ਹ, ਬੁੱਗਾ ਕਲਾਂ, ਪਹੇੜੀ, ਮਛਰਾਏ ਖ਼ੁਰਦ ਅਤੇ ਚਤੁਰਪੁਰਾ ਸਮੇਤ ਛੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਅਚਾਨਕ ਬੰਦ ਕਰਨ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਪਛੇਤਾ ਝੋਨਾ ਅਜੇ ਵੀ ਖੜ੍ਹਾ ਹੈ ਅਤੇ ਕਈ ਥਾਵਾਂ ’ਤੇ ਫ਼ਸਲ ਪੂਰੀ ਤਰ੍ਹਾਂ ਪੱਕੀ ਵੀ ਨਹੀਂ ਹੈ।
ਅਮਲੋਹ, 14 ਨਵੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮਲੋਹ ਹਲਕੇ ਦੇ ਰੰਘੇੜੀ ਕਲਾਂ, ਰਾਮਗੜ੍ਹ, ਬੁੱਗਾ ਕਲਾਂ, ਪਹੇੜੀ, ਮਛਰਾਏ ਖ਼ੁਰਦ ਅਤੇ ਚਤੁਰਪੁਰਾ ਸਮੇਤ ਛੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਅਚਾਨਕ ਬੰਦ ਕਰਨ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਪਛੇਤਾ ਝੋਨਾ ਅਜੇ ਵੀ ਖੜ੍ਹਾ ਹੈ ਅਤੇ ਕਈ ਥਾਵਾਂ ’ਤੇ ਫ਼ਸਲ ਪੂਰੀ ਤਰ੍ਹਾਂ ਪੱਕੀ ਵੀ ਨਹੀਂ ਹੈ। ਅਜਿਹੇ ਸਮੇਂ ਖ਼ਰੀਦ ਕੇਂਦਰ ਬੰਦ ਕਰਨਾ ਕਿਸਾਨਾਂ ਲਈ ਵੱਡੀ ਸਮੱਸਿਆ ਖੜ੍ਹੀ ਕਰਨ ਦੇ ਬਰਾਬਰ ਹੈ। ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਸੋਹਣ ਸਿੰਘ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਅਮਲੋਹ ਦੀ ਮੁੱਖ ਅਨਾਜ ਮੰਡੀ ਨੂੰ ਛੱਡ ਕੇ ਇਨ੍ਹਾਂ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ 20 ਕਿੱਲੋਮੀਟਰ ਜਾਂ ਇਸ ਤੋਂ ਵੀ ਵੱਧ ਦੂਰ ਅਮਲੋਹ ਮੰਡੀ ਜਾਣਾ ਪਵੇਗਾ, ਜਦਕਿ ਬੰਦ ਕੀਤੇ ਖ਼ਰੀਦ ਕੇਂਦਰ ਉਨ੍ਹਾਂ ਦੇ ਪਿੰਡਾਂ ਅਤੇ ਖੇਤਾਂ ਦੇ ਨੇੜੇ ਹਨ। ਇਸ ਨਾਲ ਕਿਸਾਨਾਂ ਦੀ ਕਣਕ ਦੀ ਬਿਜਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਉਹ ਆਪਣੀ ਫ਼ਸਲ ਵੇਚਣ ਲਈ ਦੂਰ-ਦੁਰਾਡੇ ਜਾਣ ਲਈ ਮਜਬੂਰ ਹੋਣਗੇ। ਰਾਜੂ ਖੰਨਾ ਨੇ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਬੰਦ ਕੀਤੇ ਸਾਰੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਤੁਰੰਤ ਮੁੜ ਸ਼ੁਰੂ ਕਰਵਾਈ ਜਾਵੇ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਡਟ ਕੇ ਖੜ੍ਹਾ ਰਿਹਾ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਰੇ ਬੰਦ ਖ਼ਰੀਦ ਕੇਂਦਰ ਬਿਨਾਂ ਦੇਰੀ ਚਾਲੂ ਕੀਤੇ ਜਾਣ। ਇਸ ਮੌਕੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁੱਖੂ ਸਲਾਣਾ, ਜਥੇਦਾਰ ਕੇਸਰ ਸਿੰਘ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਬਬਲੀ, ਨਰਿੰਦਰ ਸਿੰਘ ਪਨਾਗ, ਰਾਜੂ ਖਾਂ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਗੁਰਕੀਰਤ ਸਿੰਘ ਸਲਾਣਾ, ਜਰਨੈਲ ਸਿੰਘ, ਹਰਅਵਤਾਰ ਸਿੰਘ, ਗੁਰਦੀਪ ਸਿੰਘ, ਕੇਹਰ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਲਦਾ ਸਿੰਘ, ਧਰਮਿੰਦਰ ਸਿੰਘ, ਜਸਵੀਰ ਕੌਰ, ਰਾਜਿੰਦਰ ਸਿੰਘ, ਨਵਪ੍ਰੀਤ ਸਿੰਘ, ਅਜਮੇਰ ਕੌਰ ਅਤੇ ਜੱਗਸੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।