21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਬੇਗਮਪੁਰਾ ਖ਼ਾਲਸਾ ਲਹਿਰ ਦਾ ਆਗਾਜ਼ * ਸਿੱਖ ਧਰਮ, ਨਾ ਧਰਮ ਪਰਿਵਰਤਨ, ਨਾ ਕਿਸੇ ਹੋਰ ਧਰਮ ਵਿਚ ਸਮਾਉਣ ਤੇ ਨਾ ਹੀ ਸਿਆਸੀ ਸੌਦੇਬਾਜ਼ੀ ਦੀ ਇਜਾਜ਼ਤ ਦਿੰਦਾ-ਇਮਾਨ ਸਿੰਘ ਮਾਨ * ਸ਼੍ਰੋਮਣੀ ਅਕਾਲੀ ਦਲ (ਅ) ਨੇ ਡੀ.ਸੀ ਦਫ਼ਤਰ ਤੱਕ ਪੈਦਲ ਮਾਰਚ ਕਰਕੇ ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਂਅ ਸੌਂਪੇ ਮੈਮੋਰੰਡਮ

ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗਿਆਨੀ ਦਿੱਤ ਸਿੰਘ ਲਾਇਬਰੇਰੀ ਫ਼ਤਹਿਗੜ੍ਹ ਸਾਹਿਬ ਵਿਖੇ ਬੇਗਮਪੁਰ ਖ਼ਾਲਸਾ ਲਹਿਰ ਦਾ ਆਗਾਜ਼ ਕਰਦਿਆਂ ਵੱਖ-ਵੱਖ ਮਸਲਿਆਂ ਸੰਬੰਧੀ ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਂਅ ਮੈਮੋਰੰਡਮ ਭੇਜੇ ਗਏ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੂੰ ਵੱਖਰਾ ਪੰਥਕ ਯਾਦ-ਪੱਤਰ ਵੀ ਸੌਂਪਿਆ।

ਅਜੀਤ ਡੈਸਕ 21-09-2026
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗਿਆਨੀ ਦਿੱਤ ਸਿੰਘ ਲਾਇਬਰੇਰੀ ਫ਼ਤਹਿਗੜ੍ਹ ਸਾਹਿਬ ਵਿਖੇ ਬੇਗਮਪੁਰ ਖ਼ਾਲਸਾ ਲਹਿਰ ਦਾ ਆਗਾਜ਼ ਕਰਦਿਆਂ ਵੱਖ-ਵੱਖ ਮਸਲਿਆਂ ਸੰਬੰਧੀ ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਂਅ ਮੈਮੋਰੰਡਮ ਭੇਜੇ ਗਏ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੂੰ ਵੱਖਰਾ ਪੰਥਕ ਯਾਦ-ਪੱਤਰ ਵੀ ਸੌਂਪਿਆ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਰਾਜਾਂ ਲਈ ਸਿਰਫ਼ ਪਾਣੀ ਦਾ ਭੰਡਾਰ, ਸਦੀਵੀ ਪੁਲਿਸ ਸਰਹੱਦੀ ਖੇਤਰ ਜਾਂ ਹਰ ਭਾਰਤ-ਪਾਕਿਸਤਾਨ ਟਕਰਾਅ ਦਾ ਪਹਿਲਾ ਜੰਗੀ ਮੈਦਾਨ ਨਹੀਂ ਬਣਾਇਆ ਜਾ ਸਕਦਾ। ਪੰਜਾਬ ਦੇ ਪਾਣੀ, ਸੰਘੀ ਹੱਕ, ਧਾਰਮਿਕ ਆਜ਼ਾਦੀ ਅਤੇ ਵਿਕਾਸ ਇਕੋ ਜਵਾਬਦੇਹ ਰਾਜਨੀਤਿਕ ਪ੍ਰੋਗਰਾਮ ਦੇ ਹਿੱਸੇ ਹਨ। ਉਨ੍ਹਾਂ ਕਿਹਾ ਕਿ ਬੇਗਮਪੁਰਾ ਖ਼ਾਲਸਾ ਲਹਿਰ ਭਗਤ ਰਵਿਦਾਸ ਜੀ ਦੇ ਜਾਤ, ਡਰ ਤੇ ਜ਼ਾਲਮ ਹਕੂਮਤ ਤੋਂ ਮੁਕਤ ਬੇਗਮਪੁਰਾ ਦੇ ਸੰਕਲਪ ਨੂੰ ਬਰਾਬਰੀ, ਨਿਆਂ ਤੇ ਮਨੁੱਖੀ ਮਰਯਾਦਾ ਲਈ ਖ਼ਾਲਸੇ ਦੀ ਸੰਗਠਿਤ ਪੰਥਕ ਜ਼ਿੰਮੇਵਾਰੀ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਸਿੱਖ ਬੱਚੇ, ਮੁਲਾਜ਼ਮ ਜਾਂ ਨਾਗਰਿਕ ਨੂੰ ਵੰਦੇ ਮਾਤਰਮ ਦੇ ਧਾਰਮਿਕ ਤੌਰ ’ਤੇ ਇਤਰਾਜ਼ਯੋਗ ਅੰਸ਼ ਗਾਉਣ ਲਈ ਮਜਬੂਰ ਜਾਂ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਦੂਜੇ ਧਰਮ ਦੇ ਮਨੁੱਖ ਦੀ ਧਾਰਮਿਕ ਆਜ਼ਾਦੀ ਲਈ ਸੀਸ ਦਿੱਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਜਾਤ-ਰਹਿਤ ਬਰਾਬਰੀ ਨਹੀਂ ਛੱਡੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਬਦਲਣ ਦੀ ਥਾਂ ਸ਼ਹਾਦਤ ਦੇਣਾ ਕਬੂਲਿਆ। ਯਾਦ-ਪੱਤਰ ਵਿਚ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਦੀ ਸਿੰਘ ਸਭਾ ਵਿਰਾਸਤ ਨੂੰ ਯਾਦ ਕਰਦਿਆਂ ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਿੱਖੀ ਨੂੰ ਕਿਸੇ ਹੋਰ ਧਾਰਮਿਕ ਪਛਾਣ ਵਿਚ ਸਮਾਉਣ ਦਾ ਵਿਰੋਧ ਕੀਤਾ ਸੀ। ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਂਅ ਭੇਜੇ ਮੈਮੋਰੰਡਮ ਵਿਚ ਮੁੱਖ ਮੰਗਾਂ ਵਿਚ ਨਸ਼ੇ ਵਿਰੁੱਧ ਪੁਲਿਸ ਕਾਰਵਾਈ ਦੇ ਨਾਲ ਰੋਕਥਾਮ, ਇਲਾਜ, ਕੌਂਸਲਿੰਗ, ਪੁਨਰਵਾਸ ਤੇ ਰੋਜ਼ਗਾਰ ’ ਤੇ ਆਧਾਰਿਤ ਸਿਹਤ ਨੀਤੀ ਤਿਆਰ ਕਰਨ, ਸਿਵਲ ਪੁਲਿਸਿੰਗ ਵਿਚ ਪੰਜਾਬ ਪੁਲਿਸ ਦੀ ਮੁੱਖ ਭੂਮਿਕਾ ਅਤੇ ਬੀ. ਐਸ. ਐਫ. ਦੇ ਅਧਿਕਾਰਾਂ ਲਈ ਪਾਰਦਰਸ਼ੀ ਹੱਦਾਂ, ਪੰਜਾਬ ਦਾ ਮੁਕੰਮਲ ਜਲ-ਲੇਖਾ ਅਤੇ ਕਿਸੇ ਦਰਿਆਈ ਮੋੜ ਜਾਂ ਅੰਤਰ-ਬੇਸਿਨ ਤਬਾਦਲੇ ਤੋਂ ਪਹਿਲਾਂ ਸਮੁੱਚਾ ਵਾਤਾਵਰਣੀ ਪ੍ਰਭਾਵ ਅਧਿਐਨ, ਪੰਜਾਬ ਤੇ ਐਨ. ਸੀ. ਆਰ, ਕੇਂਦਰਿਤ ਖੇਤਰ ਵਿਚ ਸਰਕਾਰੀ ਨਿਵੇਸ਼ ਦੀ ਆਡਿਟ ਕੀਤੀ ਤੁਲਨਾ ਅਤੇ ਸਰਹੱਦੀ ਜ਼ਿਲਿ੍ਹਆਂ ਲਈ ਸਮਾਂਬੱਧ ਵਿਕਾਸ ਪੈਕੇਜ, ਅਟਾਰੀ-ਵਾਹਗਾ ਵਪਾਰ ਨੂੰ ਨਿਯਮਾਂ ਨਾਲ ਮੁੜ ਖੋਲ੍ਹਣਾ, ਸਰਹੱਦੀ ਲੋਕਾਂ ਲਈ ਸੁਰੱਖਿਆ ਤੇ ਮੁਆਵਜ਼ਾ ਯੋਜਨਾ ਅਤੇ ਟੀ.ਏ.ਪੀ.ਆਈ./ਆਈ.ਪੀ.ਆਈ. ਊਰਜਾ ਸੰਪਰਕ ਤੇ ਪੰਜਾਬ ਸਰਹੱਦੀ ਊਰਜਾ ਅਤੇ ਉਦਯੋਗਿਕ ਲਾਂਘੇ ਦੀ ਸੰਭਾਵਨਾ ਜਾਂਚ ਆਦਿ ਸ਼ਾਮਿਲ ਹਨ। ਪਾਰਟੀ ਨੇ 30 ਦਿਨਾਂ ਵਿਚ ਜ਼ਮੀਰ ਦੀ ਆਜ਼ਾਦੀ, ਸੰਘੀ ਹੱਕਾਂ ਤੇ ਸਰਹੱਦੀ ਪੁਨਰ-ਵਿਕਾਸ ਲਈ ਕੈਬਨਿਟ ਪੱਧਰੀ ਪੰਜਾਬ ਕਮਿਸ਼ਨ, 90 ਦਿਨਾਂ ਵਿਚ ਜਨਤਕ ਵ੍ਹਾਈਟ ਪੇਪਰ ਤੇ ਛੇ ਮਹੀਨਿਆਂ ਵਿਚ ਪੰਜਾਬ ਵਿਧਾਨ ਸਭਾ ਅੱਗੇ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਮੰਗ ਵੀ ਕੀਤੀ। ਸਮਾਗਮ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅ) ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਹੱਥਾਂ ਵਿਚ ਝੰਡੇ ਫੜ ਅਤੇ ਆਪਣੇ ਹੱਕਾਂ ਪ੍ਰਤੀ ਲਿਖੇ ਸਲੋਗਨਾਂ ਵਾਲੀਆਂ ਤਖ਼ਤੀਆਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪੈਦਲ ਮਾਰਚ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਂਅ ਮੈਮੋਰੰਡਮ ਸੌਂਪੇ ਗਏ। ਇਸ ਮੌਕੇ ਕੁਸ਼ਲਪਾਲ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਡਾ. ਹਰਜਿੰਦਰ ਸਿੰਘ ਜਖੂ, ਮਾਸਟਰ ਕਰਨੈਲ ਸਿੰਘ ਨਾਰੀਕੇ ਤੇ ਵਰਕਰ ਸ਼ਾਮਿਲ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ’ਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ-ਪ੍ਰਧਾਨ ਆਸ਼ਾ ਰਾਣੀ ਮੌਰਨਿੰਗ ਫੁੱਟਬਾਲ ਕਲ... ਅਗਲੀ ਖ਼ਬਰ ਮਲਕੀਤ ਗਰੁੱਪ ਦੇ ਐਮ.ਡੀ. ਚਰਨ ਸਿੰਘ ਵਲੋਂ ਰੋਟਰੀ ਕਲੱਬ ਨਾਭਾ ਦੀ ਡਾਇਰੈਕਟਰੀ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।