ਰੇਲਵੇ ਪੁਲ ਨਿਰਮਾਣ ਨੂੰ ਲੈ ਕੇ ਵਿਧਾਇਕ ਗੈਰੀ ਬੜਿੰਗ ਨੇ ਢਾਈ ਘੰਟੇ ਦਿੱਤਾ ਧਰਨਾ
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਰੇਲਵੇ ਫਾਟਕ ਦੇ ਨੇੜੇ ਲੰਮੇ ਸਮੇਂ ਤੋਂ ਅਧੂਰੇ ਪਏ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਕਾਰਜ ਨੂੰ ਮੁੜ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਕਰੀਬ ਢਾਈ ਘੰਟੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਗੈਰੀ ਬੜਿੰਗ ਨੇ ਰੇਲਵੇ ਪੁਲ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਭਾਜਪਾ ’ਤੇ ਤਿੱਖੇ ਦੋਸ਼ ਲਗਾਏ ਅਤੇ ਕਿਹਾ ਕਿ ਪੁਲ ਦੇ ਮੁੱਦੇ ’ਤੇ ਰਾਜਨੀਤੀ ਕਰਨ ਦੀ ਬਜਾਏ ਮੌਕੇ ’ਤੇ ਕੰਮ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ।
ਮ
ਮੰਡੀ ਗੋਬਿੰਦਗੜ੍ਹ ਰੇਲਵੇ ਫਾਟਕ ’ਤੇ ਰੇਲਵੇ ਪੁਲ ਦਾ ਨਿਰਮਾਣ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਏ ਧਰਨੇ ਦੌਰਾਨ ਮੌਜੂਦ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ‘ਆਪ’ ਆਗੂ। ਅਜੀਤ ਤਸਵੀਰ
20-09-2026
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਰੇਲਵੇ ਫਾਟਕ ਦੇ ਨੇੜੇ ਲੰਮੇ ਸਮੇਂ ਤੋਂ ਅਧੂਰੇ ਪਏ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਕਾਰਜ ਨੂੰ ਮੁੜ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਕਰੀਬ ਢਾਈ ਘੰਟੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਗੈਰੀ ਬੜਿੰਗ ਨੇ ਰੇਲਵੇ ਪੁਲ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਭਾਜਪਾ ’ਤੇ ਤਿੱਖੇ ਦੋਸ਼ ਲਗਾਏ ਅਤੇ ਕਿਹਾ ਕਿ ਪੁਲ ਦੇ ਮੁੱਦੇ ’ਤੇ ਰਾਜਨੀਤੀ ਕਰਨ ਦੀ ਬਜਾਏ ਮੌਕੇ ’ਤੇ ਕੰਮ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ। ਵਿਧਾਇਕ ਗੈਰੀ ਬੜਿੰਗ ਨੇ ਪੁਲ ਦੇ ਨਿਰਮਾਣ ਦੀ ਪੂਰੀ ਸਥਿਤੀ ਦੱਸਦਿਆਂ ਕਿਹਾ ਕਿ ਇਸ ਪ੍ਰਾਜੈਕਟ ਵਿਚ ਤਿੰਨ ਏਜੰਸੀਆਂ ਸ਼ਾਮਲ ਹਨ। ਇਨ੍ਹਾਂ ਵਿਚ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ, ਪੰਜਾਬ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਅਤੇ ਭਾਰਤੀ ਰੇਲਵੇ ਸ਼ਾਮਲ ਹਨ। ਨਗਰ ਕੌਂਸਲ ਵਲੋਂ ਪੁਲ ਦੇ ਚੜ੍ਹਨ ਅਤੇ ਉੱਤਰਨ ਵਾਲੇ ਦੋਵੇਂ ਪਾਸਿਆਂ ਦੀ ਜ਼ਮੀਨ ਅਕਵਾਇਰ ਕਰਕੇ ਸਾਲ 2023 ਵਿਚ ਹੀ ਸਬੰਧਿਤ ਵਿਭਾਗ ਨੂੰ ਸੌਂਪ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰੀ ਪੁਲ ਦੇ ਦੋਵੇਂ ਪਾਸਿਆਂ ਚੜ੍ਹਨ ਅਤੇ ਉੱਤਰਨ ਵਾਲੇ ਹਿੱਸੇ ਦਾ ਨਿਰਮਾਣ ਕਰਨਾ ਸੀ। ਉਨ੍ਹਾਂ ਦੇ ਅਨੁਸਾਰ ਲੋਕ ਨਿਰਮਾਣ ਵਿਭਾਗ ਨੇ ਆਪਣੇ ਹਿੱਸੇ ਦਾ ਕਰੀਬ 70 ਤੋਂ 75 ਫ਼ੀਸਦੀ ਕੰਮ ਪੂਰਾ ਕਰ ਲਿਆ ਹੈ। ਪੁਲ ਦੇ ਇਕ ਪਾਸੇ ਚੜ੍ਹਨ ਵਾਲਾ ਢਾਂਚਾ ਤਿਆਰ ਹੈ, ਜਦਕਿ ਦੂਜੇ ਪਾਸੇ ਉੱਤਰਨ ਵਾਲਾ ਹਿੱਸਾ ਵੀ ਲਗਭਗ ਤਿਆਰ ਹੋ ਚੁੱਕਾ ਹੈ। ਬਾਕੀ ਕੰਮ ਲੋਕ ਨਿਰਮਾਣ ਵਿਭਾਗ ਤਾਂ ਹੀ ਪੂਰਾ ਕਰ ਸਕਦਾ ਹੈ ਜਦੋਂ ਰੇਲਵੇ ਵਿਭਾਗ ਆਪਣੇ ਹਿੱਸੇ ਦਾ ਕੰਮ ਪੂਰਾ ਕਰੇ। ਗੈਰੀ ਬੜਿੰਗ ਨੇ ਕਿਹਾ ਕਿ ਰੇਲਵੇ ਲਾਈਨ ਦੇ ਹੇਠਾਂ ਬਣਨ ਵਾਲੇ ਅੰਡਰ ਬ੍ਰਿਜ ਅਤੇ ਰੇਲਵੇ ਲਾਈਨ ਦੇ ਉੱਪਰ ਬਣਨ ਵਾਲੇ ਓਵਰਬ੍ਰਿਜ ਦਾ ਨਿਰਮਾਣ ਭਾਰਤੀ ਰੇਲਵੇ ਦੀ ਜ਼ਿੰਮੇਵਾਰੀ ਅਤੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਇਸ ਵਿਚ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਦਖ਼ਲ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਰੇਲਵੇ ਦੇਸ਼ ਦੀ ਆਵਾਜਾਈ ਅਤੇ ਟਰਾਂਸਪੋਰਟ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਰੇਲਵੇ ਨਾਲ ਸਬੰਧਿਤ ਨਿਰਮਾਣ ਕਾਰਜ ਭਾਰਤੀ ਰੇਲਵੇ ਨੂੰ ਹੀ ਕਰਨਾ ਹੁੰਦਾ ਹੈ। ਪਰ ਪਿਛਲੇ ਕਰੀਬ ਡੇਢ ਸਾਲ ਤੋਂ ਭਾਰਤੀ ਰੇਲਵੇ ਦਾ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਦੇ ਅੰਤ ਜਾਂ ਸਾਲ 2024 ਦੀ ਸ਼ੁਰੂਆਤ ਵਿਚ ਭਾਰਤੀ ਰੇਲਵੇ ਵਲੋਂ ਪੂਰੇ ਦੇਸ਼ ਵਿਚ ਰੇਲਵੇ ਓਵਰਬ੍ਰਿਜ ਅਤੇ ਅੰਡਰ ਬ੍ਰਿਜ ਦੇ ਡਿਜ਼ਾਈਨ ਨੂੰ ਲੈ ਕੇ ਨਵੇਂ ਨਿਯਮ ਬਣਾਏ ਗਏ ਸਨ। ਇਸ ਤੋਂ ਪਹਿਲਾਂ ਵੱਖ-ਵੱਖ ਰੇਲਵੇ ਓਵਰਬ੍ਰਿਜਾਂ ਦੇ ਵੱਖਰੇ ਡਿਜ਼ਾਈਨ ਬਣਾਏ ਜਾਂਦੇ ਸਨ, ਪਰ ਨਵੇਂ ਨਿਯਮਾਂ ਤਹਿਤ ਪੂਰੇ ਦੇਸ਼ ਵਿਚ ਰੇਲਵੇ ਓਵਰਬ੍ਰਿਜ ਲਈ ਮਿਆਰੀਕ੍ਰਿਤ ਡਿਜ਼ਾਈਨ ਤਿਆਰ ਕਰਨ ਦੀ ਵਿਵਸਥਾ ਕੀਤੀ ਗਈ। ਗੈਰੀ ਬੜਿੰਗ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਰੇਲਵੇ ਓਵਰਬ੍ਰਿਜ ਦਾ ਡਿਜ਼ਾਈਨ ਸਾਲ 2005 ਵਿਚ ਹੀ ਫਾਈਨਲ ਹੋ ਚੁੱਕਾ ਸੀ ਅਤੇ ਪ੍ਰਾਜੈਕਟ ’ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਇਸ ਦੇ ਬਾਵਜੂਦ ਰੇਲਵੇ ਦੇ ਹਿੱਸੇ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਰੇਲਵੇ ਅਧਿਕਾਰੀਆਂ ਨੇ ਡਿਜ਼ਾਈਨ ਨੂੰ ਨਵੇਂ ਨਿਯਮਾਂ ਅਨੁਸਾਰ ਮੁੜ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵਲੋਂ ਪੰਜਾਬ ਲੋਕ ਨਿਰਮਾਣ ਵਿਭਾਗ ’ਤੇ ਗ਼ਲਤ ਡਿਜ਼ਾਈਨ ਬਣਾਉਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ, ਪਰ ਉਨ੍ਹਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੁੱਖ ਸਕੱਤਰ ਪੱਧਰ ’ਤੇ ਹੋਈ ਪੱਤਰ-ਵਿਹਾਰ ਵਿਚ ਭਾਰਤੀ ਰੇਲਵੇ ਵਲੋਂ ਇਹ ਨਹੀਂ ਕਿਹਾ ਗਿਆ ਕਿ ਪੰਜਾਬ ਲੋਕ ਨਿਰਮਾਣ ਵਿਭਾਗ ਨੇ ਕੋਈ ਗ਼ਲਤ ਡਿਜ਼ਾਈਨ ਬਣਾਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਡਿਜ਼ਾਈਨ ਵਿਚ ਬਦਲਾਅ ਭਾਰਤੀ ਰੇਲਵੇ ਦੇ ਆਪਣੇ ਨਿਯਮਾਂ ਅਤੇ ਵਿਨਿਯਮਾਂ ਵਿਚ ਹੋਏ ਬਦਲਾਅ ਕਾਰਨ ਕੀਤਾ ਗਿਆ। ਭਾਰਤੀ ਰੇਲਵੇ ਨੇ ਨਵਾਂ ਡਿਜ਼ਾਈਨ ਤਿਆਰ ਕਰਨ ਵਿਚ ਕਰੀਬ ਡੇਢ ਸਾਲ ਲਗਾ ਦਿੱਤਾ ਅਤੇ ਫਰਵਰੀ ਮਹੀਨੇ ਵਿਚ ਨਵਾਂ ਡਿਜ਼ਾਈਨ ਪਾਸ ਹੋਇਆ। ਇਸ ਤੋਂ ਬਾਅਦ ਜਦੋਂ ਕੰਮ ਸ਼ੁਰੂ ਕਰਨ ਦੀ ਵਾਰੀ ਆਈ ਤਾਂ ਰੇਲਵੇ ਦਾ ਠੇਕੇਦਾਰ ਕੰਮ ਛੱਡ ਕੇ ਚਲਾ ਗਿਆ। ਵਿਧਾਇਕ ਦੇ ਅਨੁਸਾਰ ਠੇਕੇਦਾਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਸੀ ਅਤੇ ਉਸ ਨੇ ਰੇਟ ਸੋਧਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਨਿੱਜੀ ਤੌਰ ’ਤੇ ਵੀ ਠੇਕੇਦਾਰ ਤੋਂ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਨਗਰ ਕੌਂਸਲ ਵਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਪਰ ਠੇਕੇਦਾਰ ਨਹੀਂ ਮੰਨਿਆ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਵੀ ਉਮੀਦ ਮੁਤਾਬਿਕ ਸਹਿਯੋਗ ਨਹੀਂ ਮਿਲਿਆ। ਡੇਢ ਮਹੀਨੇ ਪਹਿਲਾਂ ਮੁੜ ਹੋਇਆ ਟੈਂਡਰ ਵਿਧਾਇਕ ਨੇ ਕਿਹਾ ਕਿ ਕਰੀਬ ਤਿੰਨ-ਚਾਰ ਮਹੀਨੇ ਪਹਿਲਾਂ ਰੇਲਵੇ ਓਵਰਬ੍ਰਿਜ ਦਾ ਮੁੜ ਟੈਂਡਰ ਲਗਾਇਆ ਗਿਆ ਸੀ ਅਤੇ ਕਰੀਬ ਡੇਢ ਮਹੀਨੇ ਪਹਿਲਾਂ ਨਵਾਂ ਟੈਂਡਰ ਮੈਚਿਓਰ ਹੋ ਚੁੱਕਾ ਹੈ। ਇਸ ਤੋਂ ਬਾਅਦ ਨਵਾਂ ਠੇਕੇਦਾਰ ਕੰਮ ਸ਼ੁਰੂ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਉਹ ਰੇਲਵੇ ਦੇ ਮੁੱਖ ਇੰਜੀਨੀਅਰ ਅਤੇ ਐਕਸੀਅਨ ਨੂੰ ਲਗਾਤਾਰ ਫ਼ੋਨ ਕਰਕੇ ਕੰਮ ਸ਼ੁਰੂ ਕਰਵਾਉਣ ਦੀ ਮੰਗ ਕਰਦੇ ਰਹੇ, ਪਰ ਕੋਈ ਠੋਸ ਜਵਾਬ ਨਹੀਂ ਮਿਲਿਆ। ਗੈਰੀ ਬੜਿੰਗ ਨੇ ਕਿਹਾ ਕਿ 17 ਸਤੰਬਰ ਦੀ ਸਵੇਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਠੇਕੇਦਾਰ ਨੂੰ ਕੰਮ ਪੂਰਾ ਕਰਨ ਲਈ 18 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਵਲੋਂ ਧਰਨਾ ਦਿੱਤਾ ਜਾਵੇਗਾ। 19 ਸਤੰਬਰ ਨੂੰ ਵੀ ਮੌਕੇ ’ਤੇ ਨਹੀਂ ਦਿਖੀ ਲੇਬਰ ਅਤੇ ਮਸ਼ੀਨਰੀ ਵਿਧਾਇਕ ਗੈਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਧਰਨੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂਆਂ ਨੇ ਵੀ ਪੁਲ ਦੇ ਨਿਰਮਾਣ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਭਾਜਪਾ ਆਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਇਹੀ ਆਗੂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ’ਤੇ ਪੁਲ ਨਾ ਬਣਾਉਣ ਦੇ ਦੋਸ਼ ਲਗਾਉਂਦੇ ਰਹੇ ਹਨ, ਪਰ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਧਰਨੇ ਦਾ ਐਲਾਨ ਕੀਤਾ, ਅਗਲੇ ਹੀ ਦਿਨ ਭਾਜਪਾ ਆਗੂ ਮੌਕੇ ’ਤੇ ਪਹੁੰਚ ਗਏ ਅਤੇ ਪੁਲ ਦਾ ਕੰਮ ਸ਼ੁਰੂ ਕਰਵਾਉਣ ਦਾ ਐਲਾਨ ਕਰਨ ਲੱਗੇ। ਉਨ੍ਹਾਂ ਕਿਹਾ ਕਿ ਜੇਕਰ 19 ਸਤੰਬਰ ਨੂੰ ਕੰਮ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਮੌਕੇ ’ਤੇ ਕੋਈ ਮਜ਼ਦੂਰ, ਮਸ਼ੀਨਰੀ ਜਾਂ ਨਿਰਮਾਣ ਕਾਰਜ ਕਿਉਂ ਦਿਖਾਈ ਨਹੀਂ ਦੇ ਰਿਹਾ?। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਜੇਕਰ ਉਹ ਇਸ ਕੰਮ ਦਾ ਸਿਹਰਾ ਲੈਣਾ ਚਾਹੁੰਦੇ ਹਨ ਤਾਂ ਸਿਹਰਾ ਲੈਣ, ਪਰ ਲੋਕਾਂ ਨੂੰ ਪੁਲ ਦਾ ਕੰਮ ਜ਼ਮੀਨ ’ਤੇ ਸ਼ੁਰੂ ਹੁੰਦਾ ਦਿਖਾਈ ਦੇਣਾ ਚਾਹੀਦਾ ਹੈ। 21 ਦਿਨਾਂ ਵਿਚ ਕੰਮ ਸ਼ੁਰੂ ਨਾ ਹੋਇਆ ਤਾਂ ਰੇਲਵੇ ਟਰੈਕ ਜਾਮ ਕਰਨ ਦੀ ਦਿੱਤੀ ਚੇਤਾਵਨੀ ਧਰਨੇ ਦੌਰਾਨ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਰੇਲਵੇ ਪੁਲ ਦੇ ਮੁੱਦੇ ਨੂੰ ਲੈ ਕੇ 31 ਕਮੇਟੀ ਮੈਂਬਰਾਂ ਦਾ ਗਠਨ ਕੀਤਾ ਗਿਆ ਹੈ। ਕਮੇਟੀ ਰੇਲਵੇ ਵਿਭਾਗ ਨੂੰ 21 ਦਿਨਾਂ ਦਾ ਸਮਾਂ ਦੇਵੇਗੀ ਅਤੇ ਜੇਕਰ ਫਿਰ ਵੀ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਇਆ ਤਾਂ ਰੇਲਵੇ ਫਾਟਕ ’ਤੇ ਪੱਕਾ ਧਰਨਾ ਲਗਾਇਆ ਜਾਵੇਗਾ ਅਤੇ ਲੋੜ ਪੈਣ ’ਤੇ ਰੇਲਵੇ ਟਰੈਕ ਜਾਮ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪੈਦਾ ਹੋਣ ’ਤੇ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਦੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਨੂੰ ਹੁਣ ਸਿਰਫ਼ ਐਲਾਨ ਨਹੀਂ, ਸਗੋਂ ਪੁਲ ਦਾ ਅਸਲ ਨਿਰਮਾਣ ਕਾਰਜ ਸ਼ੁਰੂ ਚਾਹੀਦਾ ਹੈ।