ਫ਼ਤਹਿਗੜ੍ਹ ਸਾਹਿਬ ਵਿਖੇ ‘ਆਪ’ ਮਹਿਲਾ ਵਿੰਗ ਵਲੋਂ ‘ਤੀਆਂ ਦਾ ਮੇਲਾ’ ਸਮਾਗਮ ਕਰਵਾਇਆ
ਫ਼ਤਹਿਗੜ੍ਹ ਸਾਹਿਬ, 18 ਅਗਸਤ (ਮਨਪ੍ਰੀਤ ਸਿੰਘ)-ਸਾਉਣ ਮਹੀਨੇ ਦੇ ਦਿਹਾੜੇ ’ਤੇ ਧੀਆਂ ਦੇ ਪ੍ਰਮੁੱਖ ਤਿਉਹਾਰ ‘ਤੀਆਂ’ ਦੀਆਂ ਰੌਣਕਾਂ ਫ਼ਤਹਿਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਵਲੋਂ ਪ੍ਰਧਾਨ ਰੀਨਾ ਰਾਣੀ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਸ਼ੇਸ਼ ਸਮਾਗਮ ਵਿਚ ਔਰਤਾਂ ਦਾ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ।
ਫ਼ਤਹਿਗੜ੍ਹ ਸਾਹਿਬ, 18 ਅਗਸਤ (ਮਨਪ੍ਰੀਤ ਸਿੰਘ)-ਸਾਉਣ ਮਹੀਨੇ ਦੇ ਦਿਹਾੜੇ ’ਤੇ ਧੀਆਂ ਦੇ ਪ੍ਰਮੁੱਖ ਤਿਉਹਾਰ ‘ਤੀਆਂ’ ਦੀਆਂ ਰੌਣਕਾਂ ਫ਼ਤਹਿਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਵਲੋਂ ਪ੍ਰਧਾਨ ਰੀਨਾ ਰਾਣੀ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਸ਼ੇਸ਼ ਸਮਾਗਮ ਵਿਚ ਔਰਤਾਂ ਦਾ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਔਰਤਾਂ ਅਤੇ ਲੜਕੀਆਂ ਨੇ ਗਿੱਧਾ, ਕਿੱਕਲੀ, ਚਰਖਾ ਕੱਤਣਾ ਅਤੇ ਬੋਲੀਆਂ ਪਾ ਕੇ ਪੰਜਾਬੀ ਵਿਰਸੇ ਦੀਆਂ ਮਹਿਕਾਂ ਵੰਡੀਆਂ। ਢੋਲ ਦੀ ਥਾਪ ਅਤੇ ਬੋਲੀਆਂ ਨਾਲ ਸਮੁੱਚਾ ਮਾਹੌਲ ਖ਼ੁਸ਼ੀਆਂ ਅਤੇ ਸਭਿਆਚਾਰਕ ਰੰਗਾਂ ਵਿਚ ਰੰਗਿਆ ਗਿਆ। ਇਸ ਮੌਕੇ ਮਹਿਲਾ ਵਿੰਗ ਪੰਜਾਬ ਮਾਮਲਿਆਂ ਦੀ ਇੰਚਾਰਜ ਗਾਇਤਰੀ ਬਿਸ਼ਨੋਈ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ਪਹੁੰਚੇ। ਜਿਨ੍ਹਾਂ ਦਾ ‘ਆਪ’ ਲੀਡਰਸ਼ਿਪ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਰਾਜਾ ਨੇ ਕਿਹਾ ਕਿ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਅਮੀਰ ਧਰਤੀ ਹੈ ਤੇ ਪੰਜਾਬੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ‘ਤੀਆਂ’ ਦੇ ਤਿਉਹਾਰ ਕਰਕੇ ਹੈ। ਉਨ੍ਹਾਂ ਕਿਹਾ ਕਿ ‘ਧੀਆਂ’ ਅਤੇ ‘ਤੀਆਂ’ ਦਾ ਆਪਸੀ ਰਿਸ਼ਤਾ ਬਹੁਤ ਡੂੰਘਾ ਹੈ, ਜੋ ਧੀਆਂ ਦੀ ਖ਼ੁਸ਼ੀ ਤੇ ਮਾਣ ਦਾ ਪ੍ਰਤੀਕ ਹੈ। ਇਸ ਮੌਕੇ ਚੇਅਰਮੈਨ ਅਜੈ ਸਿੰਘ ਲਿਬੜਾ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਤਿਉਹਾਰ ਸਮਾਜ ਵਿਚ ਆਪਸੀ ਪਿਆਰ, ਸਤਿਕਾਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੋੜਦੇ ਹਨ। ਇਸ ਮੌਕੇ ਪੰਜਾਬ ਸਟੇਟ ਅਬਜ਼ਰਵਰ ਅਤੇ ‘ਆਪ’ ਰਾਜਸਥਾਨ ਸੂਬਾ ਮਹਿਲਾ ਵਿੰਗ ਪ੍ਰਧਾਨ ਗਾਇਤਰੀ ਬਿਸ਼ਨੋਈ ਨੇ ਤੀਆਂ ਨੂੰ ਔਰਤਾਂ ਵਿਚਾਲੇ ਆਪਸੀ ਪ੍ਰੇਮ ਅਤੇ ਖ਼ੁਸ਼ੀਆਂ ਵੰਡਣ ਵਾਲਾ ਦਿਹਾੜਾ ਦੱਸਿਆ। ਇਸ ਮੌਕੇ ਚੇਅਰਮੈਨ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿਚ ਮੋਹਰੀ ਹੋ ਕੇ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਔਰਤਾਂ ਦੀ ਤਰੱਕੀ ਤੋਂ ਬਿਨਾਂ ਸਮਾਜ ਦਾ ਵਿਕਾਸ ਅਧੂਰਾ ਹੈ। ਸਮਾਗਮ ਦੌਰਾਨ ਅੰਮ੍ਰਿਤ ਪੁਰੀ (ਮਾਲਵਾ ਸੈਂਟਰਲ ਜ਼ੋਨ ਇੰਚਾਰਜ) ਨੇ ਵੀ ਵਿਚਾਰ ਸਾਂਝੇ ਕਰਦਿਆਂ ਇਸ ਤਿਉਹਾਰ ਨੂੰ ਪੰਜਾਬੀ ਸਭਿਆਚਾਰਕ ਵਿਰਾਸਤ ਅਤੇ ਆਪਸੀ ਸਾਂਝ ਦਾ ਪ੍ਰਤੀਕ ਕਰਾਰ ਦਿੱਤਾ। ਸਮਾਗਮ ਦੇ ਅੰਤ ਵਿਚ ਮਹਿਲਾ ਵਿੰਗ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਰੀਨਾ ਰਾਣੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੀਆਂ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬ ਦੀਆਂ ਧੀਆਂ-ਭੈਣਾਂ ਦੀਆਂ ਖ਼ੁਸ਼ੀਆਂ, ਚਾਵਾਂ, ਹਾਸਿਆਂ ਅਤੇ ਵਿਰਾਸਤ ਦਾ ਸੁੰਦਰ ਪ੍ਰਤੀਕ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕੌਰ ਮੂਲੇਪੁਰ, ਬਲਾਕ ਪ੍ਰਧਾਨ ਮਨਪ੍ਰੀਤ ਕੌਰ ਜਖ਼ਵਾਲੀ, ਮਨਪ੍ਰੀਤ ਕੌਰ ਗੁਣੀਆ ਮਾਜਰਾ, ਰੁਪਿੰਦਰ ਕੌਰ, ਨੀਲਮ, ਰਜਨੀ ਬਾਲਾ, ਸਰਬਜੀਤ ਕੌਰ, ਜਸਵੀਰ ਕੌਰ ਸਾਨੀਪੁਰ, ਬਲਜਿੰਦਰ ਕੌਰ, ਜਸਵੀਰ ਕੌਰ ਰਾਮਦਾਸ ਨਗਰ, ਮਨਪ੍ਰੀਤ ਕੌਰ ਬ੍ਰਹਾਮਣ ਮਾਜਰਾ, ਪੂਜਾ, ਹਰਪ੍ਰੀਤ ਕੌਰ, ਰਚਨਾ, ਸੁਖਵਿੰਦਰ ਕੌਰ ਮਹਿਮਦਪੁਰ, ਆਸ਼ਾ ਵਰਕਰ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਤੇ ਵੱਡੀ ਗਿਣਤੀ ’ਚ ਔਰਤਾਂ ਤੇ ਲੜਕੀਆਂ ਦੁਆਰਾ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ।