13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਖੇਤੀ ਉਤਪਾਦਨ ਕੁਦਰਤ ਦੀ ਖੇਡ ਹੈ, ਫ਼ੈਕਟਰੀ 'ਚ ਬਣੀ ਵਸਤ ਨਹੀਂ-ਰੈਹਿਲ

ਅਜੀਤ ਡੈਸਕ 15-04-2026
ਅਮਲੋਹ, 14 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਅਮਲੋਹ ਦੀ ਅਨਾਜ ਮੰਡੀ ਵਿਚ ਸਰਕਾਰੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰੈਹਿਲ ਨੇ ਪੱਤਰਕਾਰਾਂ ਨਾਲ ਇਕ ਬੜੀ ਡੂੰਘੀ ਤੇ ਤਰਕਪੂਰਨ ਗੱਲ ਕਰਦਿਆਂ ਕਿਹਾ ਕਿ ਖੇਤੀ ਕੋਈ ਫ਼ੈਕਟਰੀ ਨਹੀਂ ਹੈ, ਜਿੱਥੇ ਮਸ਼ੀਨਾਂ ਰਾਹੀਂ ਮਾਲ ਦੀ ਕੁਆਲਿਟੀ ਇਕੋ ਜਿਹੀ ਤਿਆਰ ਕੀਤੀ ਜਾ ਸਕੇ, ਸਗੋਂ ਖੇਤੀ ਤਾਂ ਪੂਰੀ ਤਰ੍ਹਾਂ ਕੁਦਰਤ ਦੇ ਰਹਿਮੋ-ਕਰਮ 'ਤੇ ਟਿਕੀ ਹੋਈ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਕੁਦਰਤ ਦੇ ਬਦਲਦੇ ਮਿਜ਼ਾਜ ਕਾਰਨ ਫ਼ਸਲ ਦੀ ਕੁਆਲਿਟੀ ਵਿਚ ਫ਼ਰਕ ਆਉਣਾ ਸੁਭਾਵਿਕ ਹੈ ਅਤੇ ਇਹ ਕਿਸਾਨ ਦੇ ਹੱਥ ਵਿਚ ਨਹੀਂ ਕਿ ਉਹ ਦਾਣਿਆਂ ਦੇ ਸਾਈਜ਼ ਜਾਂ ਰੰਗ ਨੂੰ ਆਪਣੀ ਮਰਜ਼ੀ ਨਾਲ ਤਿਆਰ ਕਰ ਸਕੇ | ਰੈਹਿਲ ਨੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਏਜੰਸੀਆਂ ਨੇ ਨਿਯਮਾਂ ਵਿਚ ਅਜਿਹੇ ਗੁੰਝਲਦਾਰ ਬਦਲਾਅ ਕੀਤੇ ਹਨ, ਜੋ ਸਿਰਫ਼ ਕਿਸਾਨਾਂ ਦੇ ਸ਼ੋਸ਼ਣ ਦਾ ਜ਼ਰੀਆ ਬਣ ਰਹੇ ਹਨ | ਜਦੋਂ ਕੁਦਰਤ ਦੀ ਕਰੋਪੀ ਕਾਰਨ ਫ਼ਸਲ ਦੇ ਮਾਪਦੰਡਾਂ ਵਿਚ ਥੋੜ੍ਹੀ ਬਹੁਤ ਕਮੀ ਆਉਂਦੀ ਹੈ, ਤਾਂ ਸਰਕਾਰ ਨੂੰ ਉਨ੍ਹਾਂ ਨਿਯਮਾਂ ਵਿਚ ਢਿੱਲ ਦੇਣੀ ਚਾਹੀਦੀ ਹੈ, ਪਰ ਇਸ ਦੇ ਉਲਟ ਮੰਡੀਆਂ ਵਿਚ ਕਿਸਾਨਾਂ ਨੂੰ ਖ਼ੱਜਲ਼-ਖ਼ੁਆਰ ਕੀਤਾ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੰਡੀਆਂ ਅਨਾਜ ਨਾਲ ਨੱਕੋ-ਨੱਕ ਭਰ ਜਾਂਦੀਆਂ ਹਨ, ਤਾਂ ਖ਼ਰੀਦ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾਂਦੀ ਹੈ ਅਤੇ ਇਸੇ ਦੇਰੀ ਤੇ ਮਾੜੀ ਕੁਆਲਿਟੀ ਦਾ ਡਰ ਦਿਖਾ ਕੇ ਭਿ੍ਸ਼ਟ ਅਧਿਕਾਰੀ ਤੇ ਵਪਾਰੀ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦੇ ਹਨ | ਰੈਹਿਲ ਨੇ ਸਖ਼ਤ ਲਹਿਜ਼ੇ ਵਿਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਬਲਾਕ ਦੀਆਂ ਸਾਰੀਆਂ ਮੰਡੀਆਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੇ ਕੁਆਲਿਟੀ ਦੇ ਨਾਂਅ 'ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਤਾਂ ਜਥੇਬੰਦੀ ਵਲੋਂ ਉਸ ਦੇ ਖ਼ਿਲਾਫ਼ ਤੁਰੰਤ ਮੋਰਚਾ ਖੋਲ੍ਹ ਦਿੱਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਖ਼ਰੀਦ ਪ੍ਰਕਿਰਿਆ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਇਮਾਨਦਾਰੀ ਨਾਲ ਜਾਰੀ ਰੱਖਿਆ ਜਾਵੇ ਤਾਂ ਜੋ ਅੰਨਦਾਤੇ ਨੂੰ ਮੰਡੀਆਂ ਵਿਚ ਰੁਲਣਾ ਨਾ ਪਵੇ | ਇਸ ਮੌਕੇ 'ਤੇ ਹਰਜੀਤ ਸਿੰਘ ਮੀਤ, ਪ੍ਰਧਾਨ ਹਰਵਿੰਦਰ ਸਿੰਘ ਸਕੱਤਰ, ਲਖਵੀਰ ਸਿੰਘ ਮੈਂਬਰ, ਯਾਸੀਨ ਮਹੁੱਮਦ ਕੈਸ਼ੀਅਰ, ਪਰਗਟ ਸਿੰਘ, ਹਰਜਿੰਦਰ ਸਿੰਘ ਗਿੱਲ, ਚਮਨ ਲਾਲ ਭਾਦਸੋਂ, ਪਨਗ੍ਰੇਨ, ਪਨਸਪ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਕਲੱਬ ਡਡਹੇੜੀ ਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼- ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।