ਮੰਡੀ ਗੋਬਿੰਦਗੜ੍ਹ, 1 ਅਪ੍ਰੈਲ (ਰਾਜੇਸ਼ ਸ਼ਰਮਾ)-ਦੇਸ਼ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਨਮਾਨ ਦੀਆਂ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਜਿੱਥੇ ਇਕ ਪਾਸੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ਸਨਮਾਨ ਦੇਣ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੇ ਦਾਅਵੇ ਕਰਦੀ ਹੈ, ਉੱਥੇ ਦੂਜੇ ਪਾਸੇ ਸ਼ਹੀਦਾਂ ਦੀਆਂ ਤਸਵੀਰਾਂ ਹੇਠਾਂ ਹੋ ਰਿਹਾ ਅਪਮਾਨ ਸਿਸਟਮ ਦੀ ਨਾਕਾਮੀ ਨੂੰ ਚੀਕ-ਚੀਕ ਕੇ ਬਿਆਨ ਕਰ ਰਿਹਾ ਹੈ | ਸ਼ਹਿਰ ਦੇ ਪੋਸਟ ਆਫ਼ਿਸ ਰੋਡ ਸਾਹਮਣੇ ਨੈਸ਼ਨਲ ਹਾਈਵੇ ਦੇ ਫਲਾਈਓਵਰ ਦੀ ਦੀਵਾਰ 'ਤੇ ਨਗਰ ਕੌਂਸਲ ਵਲੋਂ 'ਸਵੱਛ ਭਾਰਤ ਅਭਿਆਨ' ਦੇ ਤਹਿਤ ਬਣਾਈ ਗਈ ਸ਼ਹੀਦ ਭਗਤ ਸਿੰਘ ਦੀ ਪੇਂਟਿੰਗ, ਜਿਸ 'ਤੇ 'ਆਓ ਸਿਰਜੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ' ਜਿਹਾ ਪ੍ਰੇਰਨਾਦਾਇਕ ਨਾਅਰਾ ਵੀ ਲਿਖਿਆ ਗਿਆ ਹੈ | ਅੱਜ ਇਹ ਪੇਂਟਿੰਗ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਜੀਵੰਤ ਮਿਸਾਲ ਬਣ ਚੁੱਕੀ ਹੈ | ਪੇਂਟਿੰਗ ਦੇ ਹੇਠਾਂ ਗੰਦਗੀ ਫੈਲੀ ਹੋਈ ਹੈ, ਲੋਕ ਬੇਝਿਜਕ ਖੁੱਲ੍ਹੇ ਵਿਚ ਪਿਸ਼ਾਬ ਕਰ ਰਹੇ ਹਨ ਅਤੇ ਸ਼ਾਮ ਢਲਦੇ ਹੀ ਇਹ ਥਾਂ ਸ਼ਰਾਬੀਆਂ ਦਾ ਅੱਡਾ ਬਣ ਜਾਂਦੀ ਹੈ | ਸਵਾਲ ਇਹ ਉੱਠਦਾ ਹੈ ਕਿ ਕੀ ਇਹ ਹੀ ਹੈ ਸ਼ਹੀਦਾਂ ਦਾ ਸਨਮਾਨ? ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਭ ਕੁਝ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਨਗਰ ਕੌਂਸਲ ਸਿਰਫ਼ ਪੇਂਟਿੰਗ ਬਣਾ ਕੇ ਸ਼ਹੀਦ ਦੇ ਨਾਂਅ ਦਾ ਪ੍ਰੇਰਨਾਦਾਇਕ ਨਾਅਰੇ ਲਿਖ ਕੇ ਆਪਣਾ ਫ਼ਰਜ਼ ਪੂਰਾ ਸਮਝ ਬੈਠੀ ਹੈ, ਜਦਕਿ ਉਸ ਦੀ ਸੰਭਾਲ ਅਤੇ ਸਫ਼ਾਈ ਵੱਲ ਮੁੜ ਕਿਸੇ ਦਾ ਧਿਆਨ ਨਹੀਂ ਅਤੇ ਉਹ ਪੂਰੀ ਤਰ੍ਹਾਂ ਪਿੱਠ ਫੇਰੀ ਬੈਠੀ ਹੈ | ਇੱਥੇ ਕੌਂਸਲ ਵਲੋਂ 'ਸਵੱਛ ਭਾਰਤ' ਦੇ ਨਾਅਰੇ ਵੀ ਖ਼ਾਲੀ ਦਿਖਾਵਾ ਸਾਬਤ ਹੋ ਰਹੇ ਹਨ | ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਲਾਪਰਵਾਹੀ ਦਾ ਨਹੀਂ, ਸਗੋਂ ਸਿੱਧੀ ਤਰ੍ਹਾਂ ਸ਼ਹੀਦਾਂ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਮੰਚ 'ਤੇ ਸ਼ਹੀਦਾਂ ਦੇ ਸਨਮਾਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜਦੋਂ ਜ਼ਮੀਨੀ ਹਕੀਕਤ ਵੇਖੀ ਜਾਂਦੀ ਹੈ ਤਾਂ ਉਹ ਦਾਅਵੇ ਖੋਖਲੇ ਸਾਬਤ ਹੁੰਦੇ ਹਨ | ਜੇਕਰ ਸਰਕਾਰ ਨੂੰ ਸੱਚਮੁੱਚ ਸ਼ਹੀਦਾਂ ਦੇ ਆਦਰ ਦੀ ਚਿੰਤਾ ਹੁੰਦੀ, ਤਾਂ ਇਸ ਤਰ੍ਹਾਂ ਦੀਆਂ ਸ਼ਰਮਨਾਕ ਤਸਵੀਰਾਂ ਕਦੇ ਵੀ ਸਾਹਮਣੇ ਨਾ ਆਉਂਦੀਆਂ | ਇਹ ਸਾਬਤ ਕਰਦਾ ਹੈ ਕਿ ਸਰਕਾਰ ਸਿਰਫ਼ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਅਸਲ ਮੁੱਦਿਆਂ ਵਲੋਂ ਅੱਖਾਂ ਮੂੰਦ ਰਹੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੱਕੇ ਇੰਤਜ਼ਾਮ ਕੀਤੇ ਜਾਣ ਅਤੇ ਜਲਦ ਨਗਰ ਕੌਂਸਲ ਵਲੋਂ ਇਸ ਜਗ੍ਹਾ ਤੋਂ ਪੇਂਟਿੰਗ ਨੂੰ ਸਾਫ਼ ਕੀਤਾ ਜਾਵੇ | ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਰਜਿੰਦਰ ਬਿੱਟੂ ਨੇ ਵੀ ਸਖ਼ਤ ਲਹਿਜ਼ੇ 'ਚ ਕਿਹਾ ਕਿ ਅੱਜਕੱਲ੍ਹ ਪੇਂਟਿੰਗਾਂ ਅਤੇ ਮੂਰਤੀਆਂ ਬਣਾਉਣਾ ਸਿਰਫ਼ ਇਕ ਰਸਮੀ ਕਾਰਵਾਈ ਬਣ ਕੇ ਰਹਿ ਗਿਆ ਹੈ | ਸ਼ਹੀਦਾਂ ਦੇ ਨਾਮ 'ਤੇ ਫ਼ੋਟੋ ਖਿਚਵਾ ਕੇ ਸੋਸ਼ਲ ਮੀਡੀਆ 'ਤੇ ਸ਼ੋਸ਼ੇਬਾਜ਼ੀ ਕਰਨਾ ਆਸਾਨ ਹੈ, ਪਰ ਉਨ੍ਹਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰਾ ਕਰਨ ਵਿਚ ਪ੍ਰਸ਼ਾਸਨ ਨਾਕਾਮ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਨਵੀਂ ਪੀੜ੍ਹੀ ਨੂੰ ਗ਼ਲਤ ਸੰਦੇਸ਼ ਜਾਵੇਗਾ ਅਤੇ ਸ਼ਹੀਦਾਂ ਪ੍ਰਤੀ ਆਦਰ ਦੀ ਭਾਵਨਾ ਕਮਜ਼ੋਰ ਹੋਵੇਗੀ | ਜੇ ਮਰਿਆਦਾ ਨਹੀਂ ਰੱਖ ਸਕਦੇ ਤਾਂ ਇਹ ਸਾਰਾ ਕੰਮ ਸਿਰਫ਼ ਡਰਾਮਾ ਹੈ, ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਤੁਰੰਤ ਸਫ਼ਾਈ ਅਤੇ ਨਿਗਰਾਨੀ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ | ਭਾਜਪਾ ਆਗੂ ਤੇ ਕੌਂਸਲਰ ਪੁਨੀਤ ਗੋਇਲ ਨੇ ਵੀ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਕੌਂਸਲ ਆਪਣੇ ਬੁਨਿਆਦੀ ਫ਼ਰਜ਼ ਨਿਭਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਯੋਜਨਾ ਦੇ ਤਹਿਤ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪੇਂਟਿੰਗਾਂ ਬਣਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੀ ਸੰਭਾਲ ਅਤੇ ਸਫ਼ਾਈ ਵੀ ਜ਼ਰੂਰੀ ਹੁੰਦੀ ਹੈ | ਜੇਕਰ ਰੋਜ਼ਾਨਾ ਸਫ਼ਾਈ ਅਤੇ ਨਿਗਰਾਨੀ ਨਹੀਂ ਕੀਤੀ ਜਾ ਸਕਦੀ, ਤਾਂ ਫਿਰ ਅਜਿਹੇ ਪ੍ਰੋਜੈਕਟ ਸਿਰਫ਼ ਪੈਸੇ ਦੀ ਬਰਬਾਦੀ ਅਤੇ ਲੋਕਾਂ ਨਾਲ ਧੋਖਾ ਹਨ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਜਗ੍ਹਾ ਦੀ ਸਫ਼ਾਈ ਲਈ ਜ਼ਿੰਮੇਵਾਰ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਅਤੇ ਨਿਯਮ ਤੋੜਨ ਵਾਲਿਆਂ 'ਤੇ ਤੁਰੰਤ ਜੁਰਮਾਨਾ ਲਗਾਇਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਿਆ ਜਾ ਸਕੇ | ਹੁਣ ਇੱਥੇ ਇਕ ਵੱਡਾ ਸਵਾਲ ਇਹ ਹੈ ਉੱਠਦਾ ਹੈ ਕਿ ਕੀ ਸਰਕਾਰ ਅਤੇ ਨਗਰ ਕੌਂਸਲ ਸਿਰਫ਼ ਨਾਅਰਿਆਂ ਤੱਕ ਹੀ ਸੀਮਿਤ ਰਹੇਗੀ ਜਾਂ ਫਿਰ ਜ਼ਮੀਨ 'ਤੇ ਵੀ ਕੁਝ ਕਰਕੇ ਵਿਖਾਏਗੀ? ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ 'ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ' ਸਿਰਫ਼ ਇਕ ਨਾਅਰਾ ਹੀ ਬਣ ਕੇ ਰਹਿ ਜਾਵੇਗਾ |