ਬਸੀ ਪਠਾਣਾਂ, 1 ਅਪ੍ਰੈਲ (ਐਚ.ਐਸ.ਗੌਤਮ)-ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਪੂਰੇ ਪੰਜਾਬ 'ਚ ਹੜਤਾਲ ਦਾ ਸੱਦਾ ਦਿੱਤਾ ਗਿਆ | ਜਿਸ ਦੇ ਤਹਿਤ ਬਸੀ ਪਠਾਣਾਂ ਅਤੇ ਕਲੌੜ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਅਨਾਜ ਮੰਡੀ ਬਸੀ ਪਠਾਣਾਂ ਵਿਖੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੀਆਂ ਜਾਣ ਕਾਰਨ ਆੜ੍ਹਤੀਆਂ ਵਰਗ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕਈ ਵਾਰ ਆੜ੍ਹਤ ਵਧਾਉਣ ਦੇ ਭਰੋਸੇ ਦਿੱਤੇ ਗਏ, ਪਰ ਹਕੀਕਤ ਵਿਚ ਕੋਈ ਫ਼ੈਸਲਾ ਨਹੀਂ ਲਿਆ ਗਿਆ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿੱਥੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਮੰਗਾਂ ਨਾ ਮੰਨੇ ਤਾਂ ਸੂਬਾ ਸਰਕਾਰ ਆਪਣੇ ਪੱਧਰ 'ਤੇ ਹੱਲ ਕਰੇਗੀ | ਹਾਲਾਂਕਿ ਲੰਬੇ ਸਮੇਂ ਬਾਅਦ ਵੀ ਕੋਈ ਢੁੱਕਵਾਂ ਨਤੀਜਾ ਸਾਹਮਣੇ ਨਾ ਆਉਣ ਕਾਰਨ ਆੜ੍ਹਤੀਆਂ ਨੇ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਦੌਰਾਨ ਮੁਕੰਮਲ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਸੀ | ਜਿਸ ਦੇ ਤਹਿਤ ਅੱਜ ਬਸੀ ਅਤੇ ਕਲੋੜ ਮੰਡੀ ਦੇ ਸਮੂਹ ਆੜ੍ਹਤੀਆਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਮੌਕੇ ਆੜਤੀ ਰਣਜੀਤ ਸਿੰਘ ਸੋਮਲ ਪ੍ਰਧਾਨ ਕਲੌੜ, ਹਰਜੀਤ ਸਿੰਘ ਚੀਮਾ ਪ੍ਰਧਾਨ ਬਸੀ, ਵੇਦ ਪ੍ਰਕਾਸ਼, ਬਲਜੀਤ ਸਿੰਘ, ਨਰਿੰਦਰ ਸਿੰਘ ਰੈਲੋਂ, ਗੁਰਜੀਵਨ ਸਿੰਘ, ਹੀਰਾ ਲਾਲ, ਸੁਬਾਸ਼ੁ ਜਿੰਦਲ, ਵਿਸ਼ਾਲ ਗੁਪਤਾ, ਗੌਰਵ ਗੁਪਤਾ, ਪਿਸ਼ੋਰਾ ਸਿੰਘ, ਕੁਲਵਿੰਦਰ ਸਿੰਘ, ਹੇਮ ਰਾਜ ਨੰਦਾ, ਹਰਵਿੰਦਰ ਸਿੰਘ, ਰਾਜੀਵ ਸਿੰਗਲਾ, ਪਿਆਰਾ ਸਿੰਘ, ਕਰਨਵੀਰ ਸਿੰਘ ਅਤੇ ਗੋਲਡੀ ਆਦਿ ਹਾਜ਼ਰ ਸਨ |