ਐਕਟਿਵਾ ਸਵਾਰ ਦੀ ਜਬਰੀ ਸੋਨੇ ਦੀ ਮੁੰਦਰੀ ਲਾਹ ਲੈ ਗਏ ਅਗਿਆਤ <br/>
ਅਜੀਤ ਡੈਸਕ
02-04-2026
ਸੰਘੋਲ, 1 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਐਕਟਿਵਾ ਸਵਾਰ ਤੋਂ ਅਗਿਆਤ ਬੰਦਿਆਂ ਵਲੋਂ ਸੋਨੇ ਦੀ ਮੁੰਦਰੀ ਜਬਰੀ ਲਾਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਰਿਵਾਰ ਤੋਂ ਹਾਸਲ ਜਾਣਕਾਰੀ ਅਨੁਸਾਰ ਘਟਨਾ ਸੰਘੋਲ ਨੇੜੇ ਪ੍ਰਾਈਵੇਟ ਸਕੂਲ ਕੋਲ ਵਾਪਰੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਸਕਮਲ ਸਿੰਘ ਨਿਵਾਸੀ ਪਿੰਡ ਲੋਹਾਰ ਮਾਜਰਾ ਖੁਰਦ ਬੀਤੇ ਦਿਨੀਂ ਸ਼ਾਮ ਕਰੀਬ 6 ਵਜੇ ਸੰਘੋਲ ਤੋਂ ਆਪਣਾ ਨਿੱਜੀ ਕੰਮ ਨਬੇੜ ਕੇ ਵਾਪਸ ਘਰ ਵੱਲ ਜਾ ਰਿਹਾ ਸੀ, ਜਿਸ ਦੌਰਾਨ ਜਦੋਂ ਉਹ ਲੋਹਾਰ ਮਾਜਰੇ ਵਾਲੇ ਰਸਤੇ ਵੱਲ ਗਿਆ ਤਾਂ ਉਸ ਨੂੰ ਬਸੀ ਪਠਾਣਾਂ ਵੱਲ ਤੋਂ ਆਏ ਸਵਿਫ਼ਟ ਕਾਰ ਅਤੇ ਮੋਟਰਸਾਈਕਲ ਸਵਾਰ ਬੰਦਿਆਂ ਨੇ ਘੇਰ ਲਿਆ | ਘੇਰਨ ਵਾਲਿਆਂ ਦੀ ਕੁੱਲ ਗਿਣਤੀ 5-6 ਜਣੇ ਦੱਸੀ ਜਾ ਰਹੀ ਹੈ, ਜਿਨ੍ਹਾਂ ਨੇ ਜਸਕਮਲ ਸਿੰਘ ਨੂੰ ਕਾਬੂ ਕਰਕੇ ਉਸ ਦੇ ਹੱਥ 'ਚ ਪਾਈ ਸੋਨੇ ਦੀ ਮੁੰਦਰੀ ਕੱਢ ਲਈ ਅਤੇ ਫ਼ਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ, ਪਰ ਉਹ ਲੋਕ ਚੰਡੀਗੜ੍ਹ-ਲੁਧਿਆਣਾ ਹਾਈਵੇਅ ਵੱਲ ਨੂੰ ਭੱਜ ਜਾਣ 'ਚ ਸਫਲ ਹੋ ਗਏ | ਮਾਮਲੇ ਬਾਰੇ ਪੀੜਤ ਵਲੋਂ ਸਬੰਧਿਤ ਪੁਲਿਸ ਚੌਂਕੀ ਸੰਘੋਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਸਬੰਧਿਤ ਪੁਲਿਸ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਇੱਥੇ ਦੱਸਣਯੋਗ ਹੈ ਕਿ ਬੀਤੇ ਕੁਝ ਸਮੇਂ ਖੇਤਰ 'ਚ ਸੋਨੇ ਦੀਆਂ ਵਾਲੀਆਂ ਝਪਟ ਲਏ ਜਾਣ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ | ਤਾਜ਼ਾ ਮਾਮਲਾ ਜਬਰੀ ਸੋਨੇ ਦੀ ਮੁੰਦਰੀ ਲਾਹ ਲਏ ਜਾਣ ਦਾ ਚਰਚਾ 'ਚ ਹੈ | ਉਕਤ ਵਰਤਾਰੇ ਕਾਰਨ ਖੇਤਰ ਵਾਸੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਫ਼ਿਲਹਾਲ ਹੁਣ ਤੱਕ ਪੁਲਿਸ ਕਿਸੇ ਵੀ ਵਾਰਦਾਤ ਦੇ ਦੋਸ਼ੀ ਨੂੰ ਕਾਬੂ ਕਰਨ 'ਚ ਨਾਕਾਮ ਸਾਬਤ ਹੋਈ ਹੈ |